google-site-verification=ILda1dC6H-W6AIvmbNGGfu4HX55pqigU6f5bwsHOTeM
top of page

ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਲਿਖਿਆ ਪੱਤਰ

  • bhagattanya93
  • Nov 4
  • 2 min read

ਲੁਧਿਆਣਾ, 04 ਨਵੰਬਰ

ree

ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਭਾਰਤ ਸਰਕਾਰ ਦੇ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਹਲਕਾ ਆਤਮ ਨਗਰ ਅਧੀਨ ਲੰਬੇ ਸਮੇਂ ਤੋਂ ਲਟਕ ਰਹੇ ਰੇਲਵੇ ਪ੍ਰੋਜੈਕਟਾਂ ਨੂੰ ਜਲਦ ਮੁਕੰਮਲ ਕਰਵਾਇਆ ਜਾਵੇ।

ਉਨ੍ਹਾਂ ਦੱਸਿਆ ਕਿ ਰੇਲਵੇ ਬੁਨਿਆਦੀ ਢਾਂਚੇ ਦੇ ਮੁੱਦੇ ਆਤਮ ਨਗਰ ਹਲਕੇ ਦੇ ਵਸਨੀਕਾਂ ਲਈ ਵੱਡੀ ਅਸੁਵਿਧਾ ਦਾ ਕਾਰਨ ਬਣਦੇ ਜਾ ਰਹੇ ਹਨ।

ਆਪਣੇ ਪੱਤਰ ਵਿੱਚ, ਵਿਧਾਇਕ ਸਿੱਧੂ ਨੇ ਤਿੰਨ ਮੁੱਖ ਸਮੱਸਿਆਵਾਂ 'ਤੇ ਚਾਨਣਾ ਪਾਇਆ ਹੈ; ਪਹਿਲੀ ਜੀ.ਐਨ.ਈ. ਰੇਲਵੇ ਲਾਈਨਾਂ (ਪੁਰਾਣੀ ਇੱਟਾਂ ਵਾਲੀ ਗਲੀ, ਦੁੱਗਰੀ ਰੋਡ ਅਤੇ ਜੀ ਐਨ ਈ ਨੂੰ ਜੋੜਨ ਵਾਲੀ) ਦੇ ਨੇੜੇ ਇੱਕ ਰੇਲਵੇ ਓਵਰ ਬ੍ਰਿਜ (ਆਰ ਓ ਬੀ ) ਦੇ ਨਿਰਮਾਣ ਬਾਰੇ ਦੱਸਿਆ ਕਿ ਇਸ ਖੇਤਰ ਵਿੱਚ ਦਿਨ-ਭਰ ਭਾਰੀ ਭੀੜ-ਭੜੱਕਾ ਰਹਿੰਦਾ ਹੈ ਜਿਸਦੇ ਨਤੀਜੇ ਵਜੋਂ ਸਕੂਲੀ ਬੱਚਿਆਂ, ਦਫਤਰ ਜਾਣ ਵਾਲਿਆਂ ਅਤੇ ਸਥਾਨਕ ਨਿਵਾਸੀਆਂ ਲਈ ਅਕਸਰ ਲੰਬੇ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਗੁਜਾਰਿਸ਼ ਕੀਤੀ ਕਿ ਜਨਤਕ ਸਹੂਲਤ ਲਈ ਆਰ.ਓ.ਬੀ. ਨੂੰ ਜਲਦ ਤੋਂ ਜਲਦ ਮਨਜ਼ੂਰੀ ਦੇ ਕੇ ਉਸ ਦਾ ਨਿਰਮਾਣ ਕਰਵਾਇਆ ਜਾਵੇ।

ਦੂਸਰਾ ਦਾਣਾ ਮੰਡੀ ਅਤੇ ਦੁੱਗਰੀ ਸੜਕ ਨੂੰ ਜੋੜਨ ਵਾਲੇ ਆਰ ਓ ਬੀ ਪ੍ਰੋਜੈਕਟ ਵਿੱਚ ਤੇਜੀ ਲਿਆਉਣ ਲਈ ਕਿਹਾ ਗਿਆ। ਵਿਧਾਇਕ ਸਿੱਧੂ ਨੇ ਦੱਸਿਆ ਕਿ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਹਜ਼ਾਰਾਂ ਯਾਤਰੀਆਂ ਦੀ ਆਵਾਜਾਈ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਲਈ ਇਹ ਪ੍ਰੋਜੈਕਟ ਲਾਹੇਵੰਦ ਸਿੱਧ ਹੋਵੇਗਾ।

ਇਸ ਤੋਂ ਇਲਾਵਾ ਤੀਸਰਾ ਮਾਡਲ ਟਾਊਨ (ਡੀ ਬਲਾਕ) ਅਤੇ ਦਸਮੇਸ਼ ਨਗਰ ਵਿਚਕਾਰ ਧੂਰੀ ਰੇਲਵੇ ਲਾਈਨ ਕਰਾਸਿੰਗ ਨੂੰ ਉਨ੍ਹਾਂ ਦੁਬਾਰਾ ਖੋਲ੍ਹਣ 'ਤੇ ਜ਼ੋਰ ਦਿੱਤਾ। ਵਿਧਾਇਕ ਸਿੱਧੂ ਨੇ ਦੱਸਿਆ ਕਿ ਇਸ ਲਾਈਨ ਦੇ ਬੰਦ ਹੋਣ ਨਾਲ ਵਸਨੀਕਾਂ ਨੂੰ ਲੰਬੇ, ਅਸੁਰੱਖਿਅਤ ਰਸਤੇ ਅਪਣਾਉਣ ਲਈ ਮਜਬੂਰ ਹੋਣਾ ਪੈਂਦਾ ਹੈ ਜਿਸ ਨਾਲ ਛੋਟੇ ਅਪਰਾਧਾਂ ਦਾ ਖ਼ਤਰਾ ਵਧ ਗਿਆ ਹੈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਜਨਤਕ ਸੁਰੱਖਿਆ ਲਈ ਇਸ ਮਹੱਤਵਪੂਰਨ ਰਸਤੇ ਨੂੰ ਦੁਬਾਰਾ ਖੋਲ੍ਹਣ ਲਈ ਤੁਰੰਤ ਦਖਲ ਦੀ ਮੰਗ ਕੀਤੀ।

ਵਿਧਾਇਕ ਸਿੱਧੂ ਨੇ ਆਸ ਪ੍ਰਗਟਾਈ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਹੇਠ, ਇਨ੍ਹਾਂ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਮੁੱਦਿਆਂ ਨੂੰ ਤੁਰੰਤ ਹੱਲ ਕੀਤਾ ਜਾਵੇਗਾ ਜਿਸ ਨਾਲ ਆਤਮ ਨਗਰ ਅਤੇ ਪੂਰੇ ਲੁਧਿਆਣਾ ਦੇ ਲੋਕਾਂ ਲਈ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਯਕੀਨੀ ਬਣਾਈ ਜਾਵੇਗੀ।

Comments


Logo-LudhianaPlusColorChange_edited.png
bottom of page