ਸੜਕ ਹਾਦਸੇ 'ਚ ਵਾਲ-ਵਾਲ ਬਚੇ ਵਿਧਾਇਕ , ਮਾਤਾ ਚਿੰਤਪੂਰਨੀ ਤੋਂ ਆਉਂਦਿਆਂ ਗੱਡੀ ਹੋਈ ਹਾਦਸਾ ਗ੍ਰਸਤ
- bhagattanya93
- 10 hours ago
- 1 min read
02/08/2025

ਫਿਰੋਜ਼ਪੁਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਰਜਨੀਸ਼ ਦਹੀਆ ਦਾ ਪਰਿਵਾਰ ਸਮੇਤ ਸੜਕ ਹਾਦਸੇ ਵਿਚ ਵਾਲ-ਵਾਲ ਬਚਾਅ ਹੋਇਆ। ਘਟਨਾ ਉਸ ਸਮੇਂ ਵਾਪਰੀ ਜਦੋਂ ਵਿਧਾਇਕ ਦਹੀਆ ਆਪਣੇ ਪਰਿਵਾਰ ਸਮੇਤ ਮਾਤਾ ਚਿੰਤਪੂਰਨੀ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸਨ। ਸਾਹਮਣੇ ਆਵਾਰਾ ਪਸ਼ੂ ਆ ਜਾਣ ਕਾਰਨ ਉਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੇ ਇਕ ਥੜੇ ਨਾਲ ਟਕਰਾ ਗਈ।
ਹਾਲਾਂਕਿ, ਖੁਸ਼ਕਿਸਮਤੀ ਨਾਲ, ਕਾਰ ਵਿਚ ਸਵਾਰ ਵਿਧਾਇਕ, ਉਨ੍ਹਾਂ ਦੀ ਪਤਨੀ ਅਤੇ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਘਟਨਾ ਦੀ ਇਕ ਸੀਸੀਟੀਵੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਸਾਰੀ ਘਟਨਾ ਸਪੱਸ਼ਟ ਤੌਰ ’ਤੇ ਦੇਖੀ ਜਾ ਸਕਦੀ ਹੈ। ਵੀਡੀਓ ਅਨੁਸਾਰ ਵਿਧਾਇਕ ਰਜਨੀਸ਼ ਦਹੀਆ ਦੀ ਕਾਰ ਜਦੋਂ ਜ਼ੀਰਾ ਸ਼ਹਿਰ ਵਿੱਚੋਂ ਲੰਘ ਰਹੀ ਸੀ ਤਾਂ ਅਚਾਨਕ ਇਕ ਲਾਵਾਰਿਸ ਪਸ਼ੂ ਸੜਕ ਦੇ ਵਿਚਕਾਰ ਆ ਗਿਆ।
ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਤੇਜ਼ ਰਫ਼ਤਾਰ ਨਾਲ ਸਿੱਧੀ ਸੜਕ ਕਿਨਾਰੇ ਬਣੇ ਥੜ੍ਹੇ ਨਾਲ ਜਾ ਟਕਰਾਈ। ਖੁਸ਼ਕਿਸਮਤੀ ਨਾਲ ਸਾਰੇ ਸਹੀ ਸਲਾਮਤ ਸਨ। ਬਾਅਦ ਵਿਚ ਵਿਧਾਇਕ ਰਜਨੀਸ਼ ਦਹੀਆ ਨੇ ਦੱਸਿਆ ਕਿ ਇਹ ਸੱਚਮੁੱਚ ਇਕ ਭਿਆਨਕ ਹਾਦਸਾ ਸੀ ਪਰ ਰੱਬ ਦੀ ਕਿਰਪਾ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਸੱਟ ਨਹੀਂ ਲੱਗੀ। ਉਨ੍ਹਾਂ ਨੇ ਕਿਹਾ ਅਸੀਂ ਸਾਰੇ ਸੁਰੱਖਿਅਤ ਹਾਂ। ਸਿਰਫ਼ ਕਾਰ ਦਾ ਹੀ ਨੁਕਸਾਨ ਹੋਇਆ ਹੈ। ਅਸੀਂ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ ਕਿ ਉਸ ਨੇ ਸਾਨੂੰ ਇਸ ਵੱਡੇ ਖਤਰੇ ਤੋਂ ਬਚਾਇਆ।
Comments