ਨਵੇਂ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਲਈ ਮੰਨੇ ਗਿਆਨੀ ਹਰਪ੍ਰੀਤ ਸਿੰਘ, ਇਨ੍ਹਾਂ ਨਾਵਾਂ 'ਤੇ ਬਣੀ ਸਹਿਮਤੀ
- bhagattanya93
- Aug 10
- 2 min read
10/08/2025

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ’ਤੇ ਬਣਾਏ ਜਾ ਰਹੇ ਨਵੇਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਅਹੁਦੇ ਲਈ ਸ਼ਨਿਚਰਵਾਰ ਨੂੰ ਸੀਨੀਅਰ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਨਾ ਲਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕੱਲ੍ਹ ਆਪਣੇ ਇੰਟਰਨੈੱਟ ਮੀਡੀਆ ਅਕਾਊਂਟ ’ਤੇ ਪ੍ਰਧਾਨਗੀ ਲੈਣ ਤੋਂ ਪਿੱਛੇ ਹਟਣ ਦੀ ਗੱਲ ਕਹੀ ਸੀ। ਪਾਰਟੀ ਦੇ ਪ੍ਰਧਾਨ ਅਹੁਦੇ ਲਈ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਬੀਬੀ ਸਤਵੰਤ ਕੌਰ ਵੀ ਫਰੰਟ ਰਨਰ ਹਨ। ਗਿਆਨੀ ਹਰਪ੍ਰੀਤ ਨੇ ਇਹ ਕਹਿ ਕੇ ਸਾਰਿਆਂ ਨੂੰ ਪਰੇਸ਼ਾਨੀ ਵਿਚ ਪਾ ਦਿੱਤਾ ਸੀ ਕਿ ਉਹ ਪ੍ਰਧਾਨ ਅਹੁਦੇ ਦੀ ਦੌੜ ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਕਿਉਂਕਿ ਭਿੰਡਰਾਂਵਾਲੇ ਦੇ ਸਾਥੀ ਅਮਰੀਕ ਸਿੰਘ ਦੀ ਪੁੱਤਰੀ ਸਤਵੰਤ ਕੌਰ ਵੀ ਦੌੜ ਵਿਚ ਹੈ, ਉਹ ਉਨ੍ਹਾਂ ਦਾ ਆਦਰ ਕਰਦੇ ਹਨ, ਇਸ ਲਈ ਉਹ ਪਿੱਛੇ ਹਟ ਰਹੇ ਹਨ।
ਪਾਰਟੀ ਦੇ ਸੀਨੀਅਰ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ ਦੀ ਮੀਟਿੰਗ ਵਿਚ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ’ਤੇ ਸਹਿਮਤੀ ਬਣ ਗਈ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਵਿਚ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਸਨ। ਬਾਅਦ ਵਿਚ ਇਹ ਨੇਤਾ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਮਿਲੇ। ਮੀਟਿੰਗ ਵਿਚ ਨਵੀਂ ਪਾਰਟੀ ਬਣਨ ਤੋਂ ਬਾਅਦ ਇਕ ਪੰਥਕ ਤਾਲਮੇਲ ਕਮੇਟੀ ਦੇ ਗਠਨ ਕਰਨ ’ਤੇ ਵੀ ਵਿਚਾਰ ਕੀਤਾ ਗਿਆ ਤਾਂ ਕਿ ਹਮਖਿਆਲ ਪਾਰਟੀਆਂ ਨਾਲ ਅੱਗੇ ਵਧਿਆ ਜਾ ਸਕੇ। ਇਹ ਕਮੇਟੀ ਹੀ ਫ਼ੈਸਲੇ ਲਵੇਗੀ ਯਾਨੀ ਅਕਾਲੀ ਸਿਆਸਤ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਨਵੀਂ ਬਣ ਰਹੀ ਪਾਰਟੀ ਵਿਚ ‘ਮੀਰੀ-ਪੀਰੀ ਸਿਧਾਂਤ’ ਅੱਗੇ ਵਧਾਉਣ ਦੀ ਗੱਲ ਚੱਲ ਰਹੀ ਹੈ ਯਾਨੀ ਇਕ ਤਬਕਾ ਇਹ ਚਾਹੁੰਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਪਾਰਟੀ ਦੀ ਕਮਾਨ ਸੰਭਾਲਣ ਅਤੇ ਸਿਆਸੀ ਰੂਪ ਨਾਲ ਪਾਰਟੀ ਨੂੰ ਅੱਗੇ ਵਧਾਉਣ ਜਦਕਿ ਬੀਬੀ ਸਤਵੰਤ ਕੌਰ ਧਾਰਮਿਕ ਮਾਮਲਿਆਂ ਦੀ ਅਗਵਾਈ ਕਰਨ, ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਭਾਲਣਾ ਸ਼ਾਮਲ ਹੈ। ਅਜਿਹੇ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਵਿਚ ਇਸ ਗੱਲ ’ਤੇ ਸਹਿਮਤੀ ਬਣਾ ਲਈ ਗਈ ਹੈ ਕਿ 11 ਅਗਸਤ ਨੂੰ ਹੋਣਵਾਲੇ ਜਨਰਲ ਇਜਲਾਸ (ਆਮ ਸਭਾ) ਵਿਚ ਸੂਬਾਈ ਡੈਲੀਗੇਟਸ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਦੇ ਰੂਪ ਵਿਚ ਚੁਣ ਲੈਣਗੇ।





Comments