ਲੁਧਿਆਣਾ 'ਚ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਹੈਵਾਨੀਅਤ,ਅਸ਼ਲੀਲ ਤਸਵੀਰਾਂ ਦਿਖਾ ਕੇ 7 ਮਹੀਨੇ ਤੱਕ ਕੀਤਾ ਜ.ਬ.ਰ ਜ.ਨਾ.ਹ
- Ludhiana Plus
- Jul 26
- 2 min read
26/07/2025

ਹਵਸ ਵਿੱਚ ਅੰਨ੍ਹੇ ਹੋਏ ਇੱਕ ਨੌਜਵਾਨ ਨੇ ਬਾਰਵੀਂ ਜਮਾਤ ਦੀ ਵਿਦਿਆਰਥਣ ਦੇ ਮਨ ਵਿੱਚ ਡਰ ਬਣਾਉਣ ਤੋਂ ਉਸ ਨਾਲ ਸੱਤ ਮਹੀਨਿਆਂ ਤੱਕ ਜਬਰ ਜਨਾਹ ਕੀਤਾ। ਮੁਲਜ਼ਮ ਲੜਕੀ ਦੀਆਂ ਅਸ਼ਲੀਲ ਤਸਵੀਰਾਂ ਜੱਗ ਜਾਹਿਰ ਕਰ ਦੇਣ ਦੀ ਧਮਕੀ ਦੇ ਕੇ ਉਸ ਨੂੰ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਮਾਮਲੇ ਦਾ ਖੁਲਾਸਾ ਹੁੰਦੇ ਹੀ ਥਾਣਾ ਲਾਡੋਵਾਲ ਦੀ ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ਤੇ ਉਨ੍ਹਾਂ ਦੇ ਗੁਆਂਢੀ ਸੁਖਵਿੰਦਰ ਸਿੰਘ ਉਰਫ ਸੁੱਖ ਦੇ ਖਿਲਾਫ ਮੁਕਦਮਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ 17 ਸਾਲ ਦੀ ਬੇਟੀ ਲਾਗੇ ਦੇ ਹੀ ਸਕੂਲ ਵਿੱਚ ਬਾਰਵੀਂ ਜਮਾਤ ਦੀ ਵਿਦਿਆਰਥਣ ਹੈ। 24 ਜੁਲਾਈ ਨੂੰ ਉਸ ਦੀ ਬੇਟੀ ਘਰ ਵਿੱਚ ਇਕੱਲੀ ਸੀ। ਸ਼ਾਮ ਵੇਲੇ ਜਦ ਸ਼ਿਕਾਇਤ ਕਰਤਾ ਆਪਣੇ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਲੜਕੀ ਦੇ ਕਮਰੇ ਵਿੱਚੋਂ ਉਨ੍ਹਾਂ ਦਾ ਗੁਆਂਢੀ ਸੁਖਵਿੰਦਰ ਸਿੰਘ ਉਰਫ ਸੁੱਖ ਨਿਕਲ ਰਿਹਾ ਸੀ। ਲੜਕੀ ਦੇ ਪਿਤਾ ਵੱਲ ਦੇਖ ਕੇ ਮੁਲਜ਼ਮ ਉਸ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਪਿਤਾ ਨੇ ਦੇਖਿਆ ਕਿ ਉਸਦੀ ਬੇਟੀ ਬੁਰੀ ਤਰ੍ਹਾਂ ਰੋ ਰਹੀ ਸੀ। ਉਸ ਨੇ ਜਦ ਲੜਕੀ ਕੋਲੋਂ ਸੁਖਵਿੰਦਰ ਸਿੰਘ ਉਰਫ ਸੁੱਖ ਵੱਲੋਂ ਪੁੱਛਿਆ ਤਾਂ ਲੜਕੀ ਨੇ ਜੋ ਕੁਝ ਦੱਸਿਆ ਉਹ ਸੁਣ ਕੇ ਪਿਤਾ ਦੇ ਹੋਸ਼ ਉੱਡ ਗਏ। ਬੱਚੀ ਨੇ ਦੱਸਿਆ ਕਿ ਮੁਲਜ਼ਮ ਕੋਲ ਉਸ ਦੀਆਂ ਅਸ਼ਲੀਲ ਤਸਵੀਰਾਂ ਹਨ।
ਮੁਲਜ਼ਮ ਫੋਟੋਆਂ ਜੱਗ ਜਾਹਿਰ ਕਰ ਦੇਣ ਡਰਾਵਾ ਦੇ ਕੇ ਪਿਛਲੇ ਕਈ ਮਹੀਨਿਆਂ ਤੋਂ ਉਸਦੀ ਆਬਰੂ ਲੁੱਟ ਰਿਹਾ ਸੀ। ਲੜਕੀ ਦੇ ਪਿਤਾ ਨੇ ਇਸ ਮਾਮਲੇ ਸਬੰਧੀ ਥਾਣਾ ਲਾਡੋਵਾਲ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ। ਤਫਤੀਸ਼ੀ ਅਫਸਰ ਏਐਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਸੁੱਖ ਦੇ ਖਿਲਾਫ ਪੋਕਸੋ ਐਕਟ ਅਤੇ ਹੋਰ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ। ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਸੁੱਖ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ਨਿਚਰਵਾਰ ਦੁਪਹਿਰ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।





Comments