CM Mann ਨੇ ਭਾਰਤ ਭੂਸ਼ਣ ਆਸ਼ੂ ’ਤੇ ਕੱਸਿਆ ਤਨਜ਼, ਕਿਹਾ-ਵਿਰੋਧੀ ਪਾਰਟੀਆਂ ਵੋਟ ਬਦਲੇ ਪੈਸੇ ਦੇਣ ਤਾਂ ਮਨ੍ਹਾ ਨਾ ਕਰਨਾ, ਵੋਟ 'ਆਪ' ਨੂੰ ਹੀ ਪਾਉਣਾ
- bhagattanya93
- Jun 8
- 2 min read
08/06/2025

ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ’ਚ ਸਥਾਨਕ ਜਵਾਹਰ ਨਗਰ ਕੈਂਪ ਇਲਾਕੇ ਦੇ ਚੋਣ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ’ਤੇ ਸਿੱਧੇ ਹਮਲੇ ਕਰਦਿਆਂ ਲਗਾਤਾਰ ਤੰਜ ਕੱਸੇ ਤੇ ਆਪਣੇ ਪੁਰਾਣੇ ਅੰਦਾਜ਼ ’ਚ ‘ਆਪ’ ਉਮੀਦਵਾਰ ਦੇ ਹੱਕ ’ਚ ਵੋਟ ਮੰਗੇ।
ਉਨ੍ਹਾਂ ਕਿਹਾ ਕਿ ਆਪਣੀ ਹਾਰ ਵੇਖ ਕੇ ਵਿਰੋਧੀਆਂ ਦੀ ਰਾਤਾਂ ਦੀ ਨੀਂਦ ਉੱਡੀ ਹੋਈ ਹੈ। ਕਿਸੇ ਵੀ ਤਰ੍ਹਾਂ ਵੋਟਾਂ ਬਟੋਰਨ ਲਈ ਵਿਰੋਧੀ ਹਰ ਤਰ੍ਹਾਂ ਦੇ ਹਥਕੰਡੇ ਅਪਣਾਉਣ ਲਈ ਪੱਬਾਂ ਭਾਰ ਹਨ। ਇਸ ਲਈ ਜੇਕਰ ਵਿਰੋਧੀ ਉਮੀਦਵਾਰ ਵੋਟਾਂ ਖਰੀਦਣ ਲਈ ਪੈਸੇ ਲੈ ਕੇ ਆਉਣ ਤਾਂ ਮਨ੍ਹਾ ਨਾ ਕਰਿਓ ਕਿਉਂਕਿ ਘਰ ਆਈ ਲਕਸ਼ਮੀ ਵਾਪਿਸ ਨਹੀਂ ਮੋੜੀ ਜਾਂਦੀ। ਉਨ੍ਹਾਂ ਤੋਂ ਪੈਸੇ ਲੈ ਕੇ ਵੋਟਾਂ ਜ਼ਰੂਰ ਝਾੜੂ ਨੂੰ ਪਾ ਦੇਣਾ।
ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਮਾਨ ਨੇ ਔਰਤਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਬੇਹੱਦ ਸੁਚੱਜੇ ਢੰਗ ਨਾਲ ਘਰ ਚਲਾਉਣ ’ਚ ਮਾਹਰ ਔਰਤਾਂ ਸਰਕਾਰ ਚਲਾਉਣ ’ਚ ਚੰਗੀ ਤਰ੍ਹਾਂ ਨਾਲ ਭਾਗੀਦਾਰ ਬਣ ਸਕਦੀਆਂ ਹਨ। ਉਨ੍ਹਾਂ ਔਰਤਾਂ ਨੂੰ ਰਾਜਨੀਤੀ ’ਚ ਅੱਗੇ ਆਉਣ ਲਈ ਸੱਦਾ ਦਿੱਤਾ ਤੇ ਰੈਲੀਆਂ ’ਚ ਹਾਜ਼ਰੀ ਭਰਨ ਦੀ ਅਪੀਲ ਕੀਤੀ। ਉਨ੍ਹਾਂ ਭਾਰਤ ਭੂਸ਼ਣ ਆਸ਼ੂ ਤੇ ਨਿਸ਼ਾਨ ਸਾਧਿਆ ਕਿ ਜਨਤਕ ਤੌਰ ’ਤੇ ਪ੍ਰਿੰਸੀਪਲ ਔਰਤ ਨੂੰ ਬੇਇੱਜਤ ਕਰਨ ਵਾਲਾ ਆਸ਼ੂ ਕਦੇ ਵੀ ਔਰਤਾਂ ਨੂੰ ਸਨਮਾਨ ਨਹੀਂ ਦੇ ਸਕਦਾ। ਉਨ੍ਹਾਂ ਆਪ ਉਮੀਦਵਾਰ ਸੰਜੀਵ ਅਰੋੜਾ ਨੂੰ ਵਧ ਚੜ੍ਹ ਕੇ ਸਹਿਯੋਗ ਤੇ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਮਿਠਬੋਲੜੇ ਸੰਜੀਵ ਅਰੋੜਾ ਨਰਮ ਸੁਭਾ ਦੀ ਸ਼ਖਸੀਅਤ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਜ਼ਿਮਨੀ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਈਵੀਐੱਮ ਮਸ਼ੀਨ ਵਿਚ ਪਹਿਲੇ ਨੰਬਰ ਦਾ ਬਟਨ ਹਾਸਿਲ ਹੋਇਆ ਹੈ। ਇਸ ਲਈ ਉਹ ਵੋਟਾਂ ਵਾਲੇ ਦਿਨ ਆਪਣੇ ਆਂਢੀਆਂ-ਗਵਾਂਢੀਆਂ ਨੂੰ ਸਵੇਰੇ 7 ਵਜੇ ਹੀ ਨਾਲ ਲਿਜਾ ਕੇ ਝਾੜੂ ਵਾਲਾ ਬਟਨ ਦੱਬਣਾ ਹੈ। ਉਨ੍ਹਾਂ ਜਲੰਧਰ ਜ਼ਿਮਨੀ ਚੋਣਾਂ ਨੂੰ ਲੈ ਕੇ ਕਿਹਾ ਕਿ ਮਹਿੰਦਰ ਭਗਤ ਲੋਕਾਂ ਨਾਲ ਜੁੜੇ ਮੁੱਦੇ ਕਾਗਜ਼ ’ਤੇ ਲਿਖ ਕੇ ਦਿੰਦੇ ਸਨ ਤੇ ਬਤੌਰ ਮੁੱਖ ਮੰਤਰੀ ਉਨ੍ਹਾਂ ਦਾ ਕੰਮ ਹਰ ਜਾਇਜ਼ ਮੰਗ ਵਾਲੇ ਕਾਗਜ਼ ’ਤੇ ਦਸਤਖ਼ਤ ਕਰਨਾ ਹੁੰਦਾ ਸੀ। ਅਜਿਹੇ ਹੀ ਹਾਲਾਤ ਲੁਧਿਆਣਾ ’ਚ ਰਹਿਣਗੇ ਜਦੋਂ ਆਮ ਆਦਮੀ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਲੋਕਾਂ ਦੀਆਂ ਛੋਟੀਆਂ ਤੇ ਵੱਡੀਆਂ ਜ਼ਰੂਰਤਾਂ ਨਾਲ ਜੁੜੇ ਕੰਮ ਕਰਵਾ ਕੇ ਇਲਾਕੇ ਦੀ ਨੁਹਾਰ ਬਦਲ ਦੇਣਗੇ।
ਉਨ੍ਹਾਂ ਕਿਹਾ ਕਿ 70 ਸਾਲਾਂ ਤੋਂ ਰਾਜ ਕਰ ਰਹੀਆਂ ਰਿਵਾਇਤੀ ਪਾਰਟੀਆਂ ਨੇ ਪੰਜਾਬ ਤੇ ਲੁਧਿਆਣਾ ਵਾਸੀਆਂ ਲਈ ਕੁਝ ਨਹੀਂ ਕੀਤਾ। ਅੱਜ ਵੀ ਸਿੱਖਿਆ, ਨਸ਼ਾ, ਬੇਰੁਜ਼ਗਾਰੀ ਵਰਗੀਆਂ ਮੁਸ਼ਕਿਲਾਂ ਮੂੰਹ ਅੱਡੀ ਖੜ੍ਹੀਆਂ ਹਨ। ਉਨ੍ਹਾਂ ਸੂਬੇ ’ਚ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੇ ਯੁੱਧ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਲੋਕ ਇਸ ਜੰਗ ’ਚ ਆਪ-ਮੁਹਾਰੇ ਅੱਗੇ ਆ ਰਹੇ ਹਨ ਤੇ ਪੰਜਾਬ ’ਚ ਕਾਫੀ ਹੱਦ ਤੱਕ ਨਸ਼ੇ ਉੱਪਰ ਕਾਬੂ ਪਾ ਲਿਆ ਗਿਆ ਹੈ।





Comments