11 ਅਗਸਤ ਨੂੰ ਮਿਲੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ, ਵੱਧ ਸਕਦੀਆਂ ਹਨ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ
- bhagattanya93
- Aug 3
- 2 min read
03/08/2025

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਇਕ ਹੋਰ ਚੁਣੌਤੀ ਖੜ੍ਹੀ ਹੋਣ ਵਾਲੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪਿਛਲੇ ਸਾਲ 2 ਦਸੰਬਰ ਨੂੰ ਗਠਿਤ ਕੀਤੀ ਪੰਜ ਮੈਂਬਰੀ ਭਰਤੀ ਕਮੇਟੀ ਵਲੋਂ ਬਣਾਏ ਗਏ ਡੈਲੀਗੇਟ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣ ਲੈਣਗੇ। ਨਵਾਂ ਪ੍ਰਧਾਨ ਬਣਨ ਨਾਲ ਸ਼੍ਰੋਮਣੀ ਅਕਾਲੀ ਖਾਸ ਕਰਕੇ ਸੁਖਬੀਰ ਬਾਦਲ ਲਈ ਵੱਡੀ ਮੁਸ਼ਕਲ ਪੈਦਾ ਹੋ ਸਕਦੀ ਹੈ। ਭਰਤੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਤੋਂ ਤੇਜ਼ਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਹੈ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਸ੍ਰੋਮਣੀ ਕਮੇਟੀ ਤੇਜ਼ਾ ਸਿੰਘ ਸਮੁੰਦਰੀ ਹਾਲ ਭਰਤੀ ਕਮੇਟੀ ਨੂੰ ਡੇਲੀਗੇਟ ਇਜਲਾਸ ਲਈ ਦੇਵੇਗੀ ਜਾਂ ਨਹੀਂ। ਦੱਸਿਆਂ ਜਾਂਦਾ ਹੈ ਕਿ ਭਰਤੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਚਿੱਠੀ ਅਤੇ ਬਣਦੀ ਫੀਸ ਪਹਿਲਾਂ ਹੀ ਅਦਾ ਕਰ ਦਿੱਤੀ ਸੀ। ਚਰਚਾ ਹੈ ਕਿ ਸ਼੍ਰੋਮਣੀ ਕਮੇਟੀ ’ਤੇ ਤੇਜ਼ਾ ਸਿੰਘ ਸਮੁੰਦਰੀ ਹਾਲ ਨਾ ਦੇਣ ਦਾ ਦਬਾਅ ਬਣਨ ਲੱਗਿਆ ਹੈ। ਇਨ੍ਹਾਂ ਹਾਲਾਤ ਵਿਚ ਭਰਤੀ ਕਮੇਟੀ ਨੂੰ ਇਜਲਾਸ ਲਈ ਭਾਈ ਗੁਰਦਾਸ ਹਾਲ ਦਿੱਤਾ ਜਾ ਸਕਦਾ ਹੈ। ਭਰਤੀ ਕਮੇਟੀ 15 ਲੱਖ ਮੈਂਬਰਸ਼ਿਪ ਕਰਨ ਦਾ ਦਾਅਵਾ ਕਰ ਰਹੀ ਹੈ।
ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਬੀਬੀ ਸਤਵੰਤ ਕੌਰ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਪ੍ਰਧਾਨ ਬਣਨ ਲਈ ਇਛੁੱਕ ਹਨ। ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਨਾਮ ਵੀ ਪ੍ਰਧਾਨਗੀ ਲਈ ਚੱਲਿਆ ਸੀ, ਪਰ ਮੌਜੂਦਾ ਸਿਆਸੀ ਸਮੀਕਰਣ ਦੇਖਦੇ ਹੋਏ ਇਹ ਦੋਵੇ ਆਗੂ ਪਿੱਛੇ ਹਟ ਗਏ ਹਨ। ਜੇਕਰ ਸਹਿਮਤੀ ਨਾ ਬਣੀ ਤਾਂ ਕਿਸੇ ਹੋਰ ਆਗੂ ਦੇ ਨਾਮ ’ਤੇ ਵੀ ਸਹਿਮਤੀ ਬਣਾਈ ਜਾ ਸਕਦੀ ਹੈ। ਪ੍ਰਧਾਨ ਲਈ ਸੱਭਤੋਂ ਵੱਡੀ ਚੁਣੌਤੀ ਸਾਰੇ ਆਗੂਆਂ ਨੂੰ ਇਕਜੁੱਟ ਰੱਖਣ ਅਤੇ ਵਿੱਤੀ ਸਾਧਨ ਜਟਾਉਣ ਦੀ ਹੋਵੇਗੀ।
ਜਾਣਕਾਰੀ ਅਨੁਸਾਰ ਪੰਜ ਮੈਂਬਰੀ ਕਮੇਟੀ ਵਲੋਂ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਇਛੁੱਕ ਹੈ। ਜਿਸ ਤਹਿਤ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿਚ ਬਦਲਾਅ ਕਰਦੇ ਹੋਏ ਨਿਯਮ ਬਦਲੇ ਜਾ ਸਕਦੇ ਹਨ। ਇਕ ਆਗੂ ਨੂੰ ਸਿਆਸਤ ਅਤੇ ਧਾਰਮਿਕ ਸੇਵਾ ਵਿਚੋਂ ਕੋਈ ਇਕ ਰਾਹ ਚੁਣਨਾ ਪਵੇਗਾ। ਯਾਨੀ ਸਿਆਸੀ ਪਿੜ੍ਹ ਵਿਚ ਕੁੱਦਣ ਵਾਲੇ ਆਗੂ ਨੂੰ ਸ਼੍ਰੋਮਣੀ ਕਮੇਟੀ ਤੋਂ ਦੂਰ ਰੱਖਿਆ ਜਾਵੇਗਾ। ਇਸੇ ਤਰ੍ਹਾਂ ਸ੍ਰੋਮਣੀ ਕਮੇਟੀ ਦੀ ਚੋਣ ਲੜ੍ਹਨ ਵਾਲੇ ਨੂੰ ਸਿਆਸੀ ਚੋਣ ਨਹੀਂ ਲੜਾਈ ਜਾਵੇਗੀ। ਇਹ ਵੀ ਦੱਸਿਆ ਜਾਂਦਾ ਹੈ ਕਿ ਡੇਲੀਗੇਟ ਇਜਲਾਸ ਵਿਚ ਇਹ ਵੀ ਫੈਸਲਾ ਕੀਤਾ ਜਾ ਸਕਦਾ ਹੈ ਕਿ ਪਾਰਟੀ ਦੇ ਪ੍ਰਧਾਨ ਸਮੇਤ ਹੋਰ ਅਹੁੱਦੇਦਾਰ ਕੋਈ ਵੀ ਚੋਣ ਨਹੀਂ ਲੜ੍ ਸਕਣ ਬਾਰੇ ਫੈਸਲਾ ਲੈ ਸਕਦੇ ਹਨ। ਜੇਕਰ ਅਜਿਹਾ ਫੈਸਲਾ ਹੁੰਦਾ ਹੈ ਤਾਂ ਇਸ ਨਾਲ ਨਾ ਸਿਰਫ਼ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਸੁਧਾਰ ਆਵੇਗਾ ਬਲਕਿ ਅਕਾਲੀ ਦਲ ਦੀ ਪੁਰਾਣੀ ਪਰੰਪਰਾ ਨੂੰ ਬਹਾਲ ਕੀਤਾ ਜਾਵੇਗੇ।
ਇੱਥੇ ਦੱਸਿਆ ਜਾਂਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ 2 ਦਸੰਬਰ 2024 ਨੂੰ ਪਾਰਟੀ ਦੇ ਨਵੀਂ ਮੈਂਬਰਸ਼ਿਪ ਕਰਨ ਲਈ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸੱਤ ਮੈਂਬਰੀ ਭਰਤੀ ਕਮੇਟੀ ਗਠਿਤ ਕੀਤੀ ਸੀ। ਭਾਈ ਧਾਮੀ ਅਤੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਅਸਤੀਫ਼ਾ ਦੇ ਗਏ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬਾਗੀ ਤੇ ਦਾਗੀਆਂ ਨੂੰ ਇਕਜੁੱਟ ਹੋਣ ਦਾ ਹੁਕਮ ਦਿੱਤਾ ਸੀ, ਪਰ ਸੁਖਬੀਰ ਬਾਦਲ ਧੜੇ ਨੇ ਪਹਿਲਕਦਮੀ ਕਰਦੇ ਹੋਏ ਪਹਿਲਾਂ ਹੀ ਡੇਲੀਗੇਟ ਇਜਲਾਸ ਬੁਲਾਕੇ ਸੁਖਬੀਰ ਬਾਦਲ ਨੂੰ ਪ੍ਰਧਾਨ ਚੁਣ ਲਿਆ ਸੀ। ਹੁਣ 11 ਅਗਸਤ ਤੋਂ ਬਾਅਦ ਅਕਾਲੀ ਸਿਆਸਤ ਮੁੜ ਭਖ਼ੇਗੀ।





Comments