ਵਿਜੀਲੈਂਸ ਬਿਊਰੋ ਨੇ 50,000 ਰੁਪਏ ਰਿਸ਼ਵਤ ਲੈਂਦਾ ਰਿਕਵਰੀ ਏਜੰਟ ਕੀਤਾ ਗ੍ਰਿਫ਼ਤਾਰ
- bhagattanya93
- Jun 22
- 1 min read
22/06/2025

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਪੰਜਾਬ ਗ੍ਰਾਮੀਣ ਬੈਂਕ ਨਾਲ ਸਬੰਧਤ ਇੱਕ ਰਿਕਵਰੀ ਏਜੰਟ ਜਤਿੰਦਰ ਪਾਲ ਪਿਪਲਾਨੀ ਨੂੰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 50000 ਰੁਪਏ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ ਹੈ ਅਤੇ ਦੱਸਿਆ ਕਿ ਪੰਜਾਬ ਗ੍ਰਾਮੀਣ ਬੈਂਕ ਨੇ ਮਕਾਨ ਕਰਜ਼ੇ ਦੀ ਅਦਾਇਗੀ ਸਮੇਂ ਸਿਰ ਨਾ ਕਰਨ ਕਾਰਨ, ਉਸਦੀ ਜਾਇਦਾਦ ਨੂੰ ਗੈਰ-ਕਾਰਗੁਜ਼ਾਰੀ ਸੰਪਤੀ ਐਲਾਨ ਕਰ ਦਿੱਤੀ ਸੀ ਅਤੇ ਬਕਾਇਆ ਕਰਜ਼ੇ ਦੀ ਰਕਮ ਦੀ ਵਸੂਲੀ ਲਈ ਦੋਸ਼ੀ ਰਿਕਵਰੀ ਏਜੰਟ ਨੂੰ ਰਿਕਵਰੀ ਫਾਈਲ ਸੌਂਪੀ ਦਿੱਤੀ ਸੀ। ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਧਮਕੀ ਦਿੱਤੀ ਸੀ ਕਿ ਉਹ ਪੁਲਿਸ ਪਾਰਟੀ ਨਾਲ ਮਿਲ ਕੇ ਉਸਦੇ ਘਰ ’ਤੇ ਜ਼ਬਰਦਸਤੀ ਕਬਜ਼ਾ ਕਰ ਲਵੇਗਾ ਅਤੇ ਕੇਸ ਨੂੰ ਉਸਦੇ ਹੱਕ ਵਿੱਚ ਨਿਪਟਾਉਣ ਲਈ ਬੈਂਕ ਮੈਨੇਜਰ ਦੇ ਨਾਂ ’ਤੇ 2,00,000 ਰੁਪਏ ਦੀ ਰਿਸ਼ਵਤ ਮੰਗੀ ਹੈ। ਏਜੰਟ ਉਸ ਕੋਲੋਂ ਪਹਿਲੀ ਕਿਸ਼ਤ ਵਜੋਂ 50,000 ਰੁਪਏ ਪਹਿਲਾਂ ਹੀ ਲੈ ਚੁੱਕਾ ਹੈ ਅਤੇ ਹੁਣ ਬੈਂਕ ਮੈਨੇਜਰ ਲਈ ਬਾਕੀ 1,50,000 ਰੁਪਏ ਰਿਸ਼ਵਤ ਦੀ ਰਕਮ ਦੇਣ ਲਈ ਦਬਾਅ ਪਾ ਰਿਹਾ ਹੈ। ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਉਕਤ ਰਿਕਵਰੀ ਏਜੰਟ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 50000 ਰੁਪਏ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧ ਵਿੱਚ, ਵਿਜੀਲੈਂਸ ਬਿਊਰੋ ਦੇ ਪੁਲਿਸ ਥਾਣਾ, ਅੰਮ੍ਰਿਤਸਰ ਰੇਂਜ ਵਿਖੇ ਉਕਤ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ।






Comments