google-site-verification=ILda1dC6H-W6AIvmbNGGfu4HX55pqigU6f5bwsHOTeM
top of page

CM ਵੱਲੋਂ ਲੋਕਾਂ ਨੂੰ ਫਿਰਕੂ ਸਦਭਾਵਨਾ, ਅਮਨ-ਸ਼ਾਂਤੀ ਦੀਆਂ ਤੰਦਾਂ ਦੀ ਮਜ਼ਬੂਤੀ ਲਈ ਸੁਹਿਰਦਤਾ ਨਾਲ ਕੰਮ ਕਰਨ ਦਾ ਸੱਦਾ

  • Writer: Ludhiana Plus
    Ludhiana Plus
  • Oct 24, 2023
  • 2 min read

24 ਅਕਤੂਬਰ

ree

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੋਕਾਂ ਨੂੰ ਸੂਬੇ ਵਿੱਚ ਫਿਰਕੂ ਸਦਭਾਵਨਾ, ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਲਈ ਸੁਹਿਰਦ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ। ਅੱਜ ਇੱਥੇ ਸ੍ਰੀ ਰਾਧਾ ਗੋਪੀਨਾਥ ਮੰਦਰ ਦਾ ਉਦਘਾਟਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਮੌਕਾ ਹੈ ਕਿਉਂਕਿ ਇਹ ਨਵਾਂ ਬਣਿਆ ਮੰਦਰ ਲੋਕਾਂ ਨੂੰ ਮਨੁੱਖਤਾ ਦੀ ਨਿਸ਼ਕਾਮ ਸੇਵਾ ਲਈ ਪ੍ਰੇਰਨਾ ਦੇਣ ਵਾਸਤੇ ਸਮਰਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਹਰ ਵਿਅਕਤੀ ਨੂੰ ਆਪਣੇ ਆਪ ਨੂੰ ਲੋਕ ਭਲਾਈ ਲਈ ਸਮਰਪਿਤ ਕਰਨਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਦੀ ਇਹ ਇਕੱਤਰਤਾ ਲੋਕਾਂ ਦੀ ਭਲਾਈ ਦੇ ਉਦੇਸ਼ ਨਾਲ ਨਾਲ ਹਾਜ਼ਰ ਹੋਈ ਹੈ।

ree

ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਮਦਨ ਲਾਲ ਬੱਗਾ, ਕੁਲਵੰਤ ਸਿੰਘ ਸਿੱਧੂ, ਸਰਵਜੀਤ ਕੌਰ ਮਾਣੂੰਕੇ, ਹਰਦੀਪ ਸਿੰਘ ਮੁੰਡੀਆਂ, ਅਸ਼ੋਕ ਪਰਾਸ਼ਰ ਪੱਪੀ, ਰਜਿੰਦਰਪਾਲ ਕੌਰ ਛੀਨਾ, ਚੇਅਰਮੈਨ ਨਵਜੋਤ ਸਿੰਘ ਜਰਗ, ਸੁਰੇਸ਼ ਗੋਇਲ, ਅਮਨਦੀਪ ਸਿੰਘ ਮੋਹੀ, ਅਤੇ ਸ਼ਰਨਪਾਲ ਸਿੰਘ ਮੱਕੜ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸਮਾਜਿਕ ਸਾਂਝ ਏਨੀ ਮਜ਼ਬੂਤ ਹੈ ਕਿ ਪੰਜਾਬ ਦੀ ਉਪਜਾਊ ਧਰਤੀ ’ਤੇ ਕੋਈ ਵੀ ਬੀਜ ਉੱਗ ਸਕਦਾ ਹੈ ਪਰ ਇੱਥੇ ਨਫ਼ਰਤ ਦਾ ਬੀਜ ਕਿਸੇ ਵੀ ਕੀਮਤ ’ਤੇ ਨਹੀਂ ਫੁੱਟੇਗਾ। ਉਨ੍ਹਾਂ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ ਅਤੇ ਪੀਰਾਂ-ਪੈਗੰਬਰਾਂ ਦੀ ਪਵਿੱਤਰ ਧਰਤੀ ਹੈ, ਜਿਨ੍ਹਾਂ ਨੇ ਸਾਨੂੰ ਆਪਸੀ ਪਿਆਰ ਅਤੇ ਸਹਿਣਸ਼ੀਲਤਾ ਦਾ ਮਾਰਗ ਦਿਖਾਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਪ੍ਰੇਮ-ਪਿਆਰ ਅਤੇ ਸਦਭਾਵਨਾ ਦੀਆਂ ਤੰਦਾਂ ਨੂੰ ਮਜ਼ਬੂਤ ਕਰਕੇ ਜਬਰ, ਜ਼ੁਲਮ ਅਤੇ ਬੇਇਨਸਾਫ਼ੀ ਦਾ ਵਿਰੋਧ ਕੀਤਾ ਹੈ।

ree

ਸਮਾਜ ਵਿੱਚ ਅਧਿਆਤਮਿਕ ਗਿਆਨ ਦੇ ਪਾਸਾਰ ਲਈ ਇਸਕੋਨ ਸੁਸਾਇਟੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਏਕਤਾ, ਸ਼ਾਂਤੀ ਅਤੇ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ਉਤੇ ਪਹਿਰਾ ਦੇਣ ਅਤੇ ਜੀਵਨ ਦੇ ਅਸੰਤੁਲਨ ਨੂੰ ਰੋਕਣ ਲਈ ਅਧਿਆਤਮਕ ਤਕਨੀਕਾਂ ਨੂੰ ਅਪਣਾਉਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਖਾਸ ਕਰਕੇ ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਹੈ ਜੋ ਕਿ ‘ਅਨੇਕਤਾ ’ਚ ਏਕਤਾ’ ਦੇ ਗੁਣਾਂ ਦੇ ਨਾਲ-ਨਾਲ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਸ਼ਾਨਦਾਰ ਵਿਰਸੇ ਨੂੰ ਮੂਰਤੀਮਾਨ ਹੈ। ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਜਾਤ, ਰੰਗ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਉਪਰ ਉਠ ਕੇ ਲੋਕਾਂ ਵਿੱਚ ਪਿਆਰ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਦਾ ਸੱਦਾ ਦਿੱਤਾ।

ਦੁਸਹਿਰੇ ਦੇ ਤਿਉਹਾਰ 'ਤੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਇਸ ਤਿਉਹਾਰ ਦੇ ਸੰਦੇਸ਼ ਦੀ ਭਾਵਨਾ ਨਾਲ ਸਮਾਜਿਕ ਬੁਰਾਈਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਤਿਉਹਾਰ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ, ਜੋ ਕਿ ਭਾਰਤੀ ਕਦਰਾਂ-ਕੀਮਤਾਂ ਅਤੇ ਭਾਵਨਾਵਾਂ ਦਾ ਮੂਲ ਕੇਂਦਰ ਹੈ। ਉਨ੍ਹਾਂ ਕਿਹਾ ਕਿ ਇਸ ਤਿਉਹਾਰ ਦੇ ਮੱਦੇਨਜ਼ਰ ਸੂਬੇ ਵਿੱਚੋਂ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ਿਆਂ ਆਦਿ ਵਰਗੀਆਂ ਬੁਰਾਈਆਂ ਦਾ ਸਫਾਇਆ ਕਰਨ ਲਈ ਪੰਜਾਬ ਸਰਕਾਰ ਆਪਣਾ ਫਰਜ਼ ਸਮਝਦੀ ਹੈ।

ree

Comments


Logo-LudhianaPlusColorChange_edited.png
bottom of page