ਸਾਬਕਾ ਡੀਜੀਪੀ ਦੇ ਘਰ ਪੁੱਜੀ SIT, ਗੁਆਂਢੀਆਂ ਤੋਂ ਕੀਤੀ ਪੁੱਛਗਿੱਛ; ਫੋਰੈਂਸਿਕ ਜਾਂਚ ਤੋਂ ਦੋਵਾਂ ਵੀਡੀਓਜ਼ ਰਿਕਾਰਡ ਕਰਨ ਦਾ ਸਮਾਂ ਪਤਾ ਕਰੇਗੀ ਪੁਲਿਸ
- bhagattanya93
- Oct 23
- 2 min read
23/10/2025

ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦੇ ਬੇਟੇ ਅਕੀਲ ਅਖ਼ਤਰ ਦੀ ਸ਼ੱਕੀ ਹਾਲਾਤ ਵਿਚ ਮੌਤ ਦੇ ਮਾਮਲੇ ’ਚ ਐੱਸਆਈਟੀ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਐੱਸਆਈਟੀ ਮੁਖੀ ਏਸੀਪੀ ਵਿਕਰਮ ਨਹਿਰਾ ਬੁੱਧਵਾਰ ਨੂੰ ਐੱਮਡੀਸੀ ਸੈਕਟਰ-4 ਸਥਿਤ ਸਾਬਕਾ ਡੀਜੀਪੀ ਦੀ ਕੋਠੀ ਪੁੱਜੇ ਅਤੇ ਮੌਕਾ ਮੁਆਇਨਾ ਕੀਤਾ। ਉੱਥੇ ਸਾਬਕਾ ਡੀਜੀਪੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤਾਂ ਨਹੀਂ ਮਿਲੇ ਪਰ ਉੱਥੇ ਮੌਜੂਦ ਮੁਲਾਜ਼ਮਾਂ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲੇ ਲੋਕਾਂ ਤੋਂ ਵੀ ਪੁਲਿਸ ਨੇ ਗੱਲਬਾਤ ਕਰ ਕੇ ਜਾਣਕਾਰੀ ਹਾਸਲ ਕੀਤੀ। ਦੂਜੇ ਪਾਸੇ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਸ਼ਮਸੂਦੀਨ ਚੌਧਰੀ ਦੇ ਬਿਆਨ ਵੀ ਐੱਸਆਈਟੀ ਨੇ ਦਰਜ ਕੀਤੇ ਹਨ।
ਏਸੀਪੀ ਵਿਕਰਮ ਨਹਿਰਾ ਨੇ ਕਿਹਾ ਕਿ ਇਸ ਮਾਮਲੇ ਵਿਚ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਤਰ੍ਹਾਂ ਨਿਰਪੱਖ ਕੀਤੀ ਜਾਵੇਗੀ। ਕਿਸੇ ਦੇ ਕਹਿਣ ’ਤੇ ਅਕੀਲ ਅਖ਼ਤਰ ਨੂੰ ਮਾਨਸਿਕ ਰੂਪ ਨਾਲ ਬਿਮਾਰ ਨਹੀਂ ਮੰਨਿਆ ਜਾ ਸਕਦਾ। ਜੇਕਰ ਅਜਿਹਾ ਸੀ ਤਾਂ ਉਸ ਦੀ ਮੈਡੀਕਲ ਹਿਸਟਰੀ ਹੋਵੇਗੀ। ਉਹ ਦੇਖੀ ਜਾਵੇਗੀ। ਬਗੈਰ ਜਾਂਚ ਦੇ ਕਿਸੇ ਵੀ ਨਤੀਜੇ ’ਤੇ ਨਹੀਂ ਪਹੁੰਚਿਆ ਜਾ ਸਕਦਾ ਹੈ। ਵੀਡੀਓ ਫੋਰੈਂਸਿਕ ਜਾਂਚ ਲਈ ਭੇਜੀ ਜਾਵੇਗੀ ਤਾਂ ਕਿ ਉਨ੍ਹਾਂ ਦੀ ਹਕੀਕਤ ਪਤਾ ਲੱਗ ਸਕੇ। ਪੰਚਕੂਲਾ ਪੁਲਿਸ ਨੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ, ਉਨ੍ਹਾਂ ਦੀ ਪਤਨੀ ਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ, ਬੇਟੀ ਤੇ ਨੂੰਹ ਖ਼ਿਲਾਫ਼ ਅਕੀਲ ਦੀ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਹੁਣ ਤੱਕ ਦੋ ਵੀਡੀਓ ਸਾਹਮਣੇ ਆਏ ਹਨ। ਪਹਿਲਾਂ ਜਿਹੜਾ ਵੀਡੀਓ ਸਾਹਮਣੇ ਆਇਆ ਸੀ ਉਸ ਵਿਚ ਅਕੀਲ ਨੇ ਆਪਣੇ ਪਰਿਵਾਰ ’ਤੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਆਪਣੇ ਪਿਤਾ ਤੇ ਪਤਨੀ ਵਿਚਾਲੇ ਨਾਜਾਇਜ਼ ਸਬੰਧਾਂ ਦਾ ਵੀ ਜ਼ਿਕਰ ਕੀਤਾ ਹੈ। ਉੱਥੇ ਦੂਜੀ ਵੀਡੀਓ ਵਿਚ ਉਹ ਕਹਿ ਰਿਹਾ ਹੈ ਕਿ ਉਸ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ ਅਤੇ ਪੂਰੇ ਪਰਿਵਾਰ ਨੇ ਉਸ ਦੀ ਬਹੁਤ ਦੇਖਭਾਲ ਕੀਤੀ ਹੈ। ਇਸੇ ਵੀਡੀਓ ਨੂੰ ਆਧਾਰ ਬਣਾ ਕੇ ਸਾਬਕਾ ਡੀਜੀਪੀ ਨੇ ਕਿਹਾ ਕਿ ਉਸ ਦਾ ਬੇਟਾ ਮਾਨਸਿਕ ਰੂਪ ਨਾਲ ਬਿਮਾਰ ਸੀ ਅਤੇ ਕੁਝ ਵੀ ਕਹਿ ਦਿੰਦਾ ਸੀ। ਕਦੀ ਆਪਣੀ ਮਾਂ ਨੂੰ ਸੱਟ ਮਾਰ ਦਿੰਦਾ ਸੀ ਤਾਂ ਕਦੀ ਘਰ ਦੇ ਕਮਰਿਆਂ ਵਿਚ ਅੱਗ ਲਗਾ ਦਿੰਦਾ ਸੀ। ਹਾਲਾਂਕਿ ਮੁੱਢਲੀ ਪੋਸਟਮਾਰਟਮ ਰਿਪੋਰਟ ਵਿਚ ਉਸ ਦੀ ਬਾਂਹ ’ਤੇ ਸਿਰਿੰਜ ਦਾ ਨਿਸ਼ਾਨ ਪਾਇਆ ਗਿਆ ਹੈ। ਬਾਕੀ ਖ਼ੁਲਾਸਾ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਹੋਵੇਗਾ।
ਫੋਰੈਂਸਿਕ ਜਾਂਚ ’ਚ ਹੋਵੇਗਾ ਖੁਲਾਸਾ
ਹੁਣ ਪੁਲਿਸ ਦੋਵੇਂ ਹੀ ਵੀਡੀਓ ਨੂੰ ਫੋਰੈਂਸਿਕ ਜਾਂਚ ਲਈ ਭੇਜੇਗੀ। ਇਸ ਤੋਂ ਪਤਾ ਲੱਗੇਗਾ ਕਿ ਇਹ ਵੀਡੀਓ ਕਦੋਂ-ਕਦੋਂ ਦੀ ਬਣੀ ਹੋਈ ਹੈ। ਫੋਰੈਂਸਿਕ ਰਿਪੋਰਟ ਦੇ ਆਧਾਰ ’ਤੇ ਹੀ ਪੁਲਿਸ ਇਸ ਮਾਮਲੇ ਵਿਚ ਅੱਗੋਂ ਦੀ ਕਾਰਵਾਈ ਕਰੇਗੀ। ਇਸ ਤੋਂ ਇਲਾਵਾ ਪੁਲਿਸ ਹੁਣ ਅਕੀਲ ਅਖ਼ਤਰ ਦਾ ਮੋਬਾਈਲ ਵੀ ਆਪਣੀ ਕਸਟਡੀ ਵਿਚ ਲਵੇਗੀ। ਉਸ ਮੋਬਾਈਲ ਦੀ ਵੀ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ, ਤਾਂ ਕਿ ਪਤਾ ਲੱਗ ਸਕੇ ਕਿ ਅਕੀਲ ਅਖ਼ਤਰ ਨੇ ਇਹ ਵੀਡੀਓ ਕਦੋਂ ਤੇ ਕਿਨ੍ਹਾਂ ਹਾਲਾਤ ਵਿਚ ਬਣਾਈ ਸੀ।
ਸਾਬਕਾ ਡੀਜੀਪੀ ਨੇ ਲਾਇਆ ਘਟੀਆ ਸਿਆਸਤ ਕਰਨ ਦਾ ਦੋਸ਼
ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦਾ ਬਿਆਨ ਆਇਆ ਹੈ ਕਿ ਉਨ੍ਹਾਂ ਦੇ ਬੇਟੇ ਦੀ ਮੌਤ ’ਤੇ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਬੇਟਾ ਮਾਨਸਿਕ ਰੂਪ ਨਾਲ ਬਿਮਾਰ ਸੀ ਅਤੇ ਕਈ ਵਾਰ ਉਨ੍ਹਾਂ ਲਈ ਪਰੇਸ਼ਾਨੀ ਖੜ੍ਹੀ ਕਰ ਚੁੱਕਾ ਸੀ। ਘਰ ਦੀ ਇੱਜ਼ਤ ਬਚਾਉਣ ਲਈ ਉਨ੍ਹਾਂ ਗੱਲਾਂ ਨੂੰ ਦਬਾਇਆ ਗਿਆ ਸੀ ਪਰ ਹੁਣ ਘਟੀਆ ਸਿਆਸਤ ਕਰ ਕੇ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਸ਼ਿਕਾਇਤਕਰਤਾ ’ਤੇ ਵੀ ਪਹਿਲਾਂ ਤੋਂ ਕੁਝ ਕੇਸ ਦਰਜ ਹੋਣ ਦੀ ਗੱਲ ਕਹੀ ਹੈ। ਉੱਥੇ ਦੂਜੇ ਪਾਸੇ ਸ਼ਿਕਾਇਤਕਰਤਾ ਸ਼ਮਸੂਦੀਨ ਚੌਧਰੀ ਨੇ ਕਿਹਾ ਕਿ ਜੇਕਰ ਉਨ੍ਹਾਂ ਖ਼ਿਲਾਫ਼ ਅੱਜ ਤੱਕ ਦੇਸ਼ ਦੇ ਕਿਸੇ ਵੀ ਪੁਲਿਸ ਥਾਣੇ ਵਿਚ ਕੋਈ ਸ਼ਿਕਾਇਤ ਤੱਕ ਦਿੱਤੀ ਗਈ ਹੋਵੇ ਤਾਂ ਉਸ ਦਾ ਰਿਕਾਰਡ ਸਾਬਕਾ ਡੀਜੀਪੀ ਲੋਕਾਂ ਸਾਹਮਣੇ ਪੇਸ਼ ਕਰਨ।





Comments