Pahalgam Attack:ਪੰਜਾਬ ਨਾਲ ਜੁੜਨ ਲੱਗੇ ਪਹਿਲਗਾਮ ਹਮਲੇ ਦੇ ਲਿੰਕ, NIA ਨੇ 2 ਜ਼ਿਲ੍ਹਿਆਂ 'ਚ ਛਾਪੇਮਾਰੀ ਕੀਤੀ; ਕਬਜ਼ੇ 'ਚ ਸਾਰੇ ਰਿਕਾਰਡ
- bhagattanya93
- Apr 25
- 2 min read
25/04/2025

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹੋਏ ਅੱਤਵਾਦੀ ਹਮਲੇ ਦੇ ਤਾਰ ਪੰਜਾਬ ਨਾਲ ਜੁੜੇ ਹੋਣੇ ਸ਼ੁਰੂ ਹੋ ਗਏ ਹਨ। ਐਨਆਈਏ ਦੀਆਂ ਟੀਮਾਂ ਨੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸੂਬੇ ਦੇ ਦੋ ਜ਼ਿਲ੍ਹਿਆਂ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ ਹੈ।
ਅੰਮ੍ਰਿਤਸਰ ਵਿੱਚ, ਐਨਆਈਏ ਨੇ ਤੰਗ ਗਲੀਆਂ ਵਿੱਚ ਸਥਿਤ ਪੰਜ ਹੋਟਲਾਂ ਅਤੇ ਫਿਰੋਜ਼ਪੁਰ ਵਿੱਚ ਦੋ ਹੋਟਲਾਂ ਅਤੇ ਇੱਕ ਹੋਟਲ ਮਾਲਕ ਪਰਿਵਾਰ ਦੇ ਘਰ ਦੀ ਤਲਾਸ਼ੀ ਲਈ।

ਵਿਭਾਗੀ ਸੂਤਰਾਂ ਅਨੁਸਾਰ ਐਨਆਈਏ ਪਾਕਿਸਤਾਨੋਂ ਆਈਆਂ ਕਥਿੱਤ ਫੋਨ ਕਾਲਾਂ ਦੀ ਪੈੜ ਨੱਪਦਿਆਂ ਵਪਾਰੀ ਦੇ ਘਰ ਤੱਕ ਆ ਪਹੁੰਚੀ। ਹਾਲਾਂਕਿ ਐਨਆਈਏ ਅਨੁਸਾਰ ਇਹ ਹੋਟਲ ਮਾਲਕ ਪਿਛਲੇ ਦਿਨੀਂ ਪਾਕਿਸਤਾਨ ਹੋ ਕੇ ਆਇਆ ਦੱਸਿਆ ਜਾ ਰਿਹਾ ਹੈ ਅਤੇ ਪਾਕਿਸਤਾਨ ਤੋਂ ਵਾਪਸ ਆਉਣ ਮਗਰੋਂ ਉਸਦੇ ਫ਼ੋਨ ਤੋਂ ਕੁਝ ਕਾਲਾਂ ਪਾਕਿਸਤਾਨ ’ਚ ਹੋਈਆਂ ਹਨ। ਐੱਨਆਈਏ ਦੀ ਟੀਮ ਨੇ ਪਿੰਡ ਮੱਲਵਾਲ ਸਥਿਤ ਉਸਦੇ ਘਰ ਅਤੇ ਸ਼ਹਿਰ ਦੇ ਇੰਡਸਟਰੀ ਏਰੀਆ ਵਿਚ ਸਥਿਤ ਉਸਦੇ ਹੋਟਲ ਤੇ ਛਾਪੇਮਾਰੀ ਕੀਤੀ ਹੈ।ਦੂਜੇ ਪਾਸੇ ਹੋਟਲ ਮਾਲਕ ਵੱਲੋਂ ਅਜਿਹੀ ਕਿਸੇ ਵੀ ਗਤੀਵਿਧੀ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਲਗਭਗ ਪੰਜ ਘੰਟੇ ਚੱਲੀ ਛਾਪੇਮਾਰੀ ਮਗਰੋਂ ਵਿਭਾਗੀ ਟੀਮ ਮੀਡੀਆ ਨਾਲ ਕੋਈ ਗੱਲਬਾਤ ਕੀਤਿਆਂ ਬਿਨਾਂ ਹੀ ਵਾਪਸ ਚਲੀ ਗਈ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਨਆਈਏ ਦੀ ਟੀਮ ਵੱਲੋਂ ਸਵੇਰੇ 9 ਵਜੇ ਦੇ ਕਰੀਬ ਸ਼ਹਿਰ ਦੇ ਇੰਡਸਟਰੀਜ਼ ਏਰੀਆ ਸਥਿੱਤ ਹੋਟਲ ਵਿਚ ਛਾਪੇਮਾਰੀ ਕੀਤੀ,ਇਸ ਤੋਂ ਇਲਾਵਾ ਵਿਭਾਗੀ ਟੀਮ ਨੇ ਹੋਟਲ ਮਾਲਕ ਦੇ ਪਿੰਡ ਮੱਲਵਾਲ ਸਥਿੱਤ ਘਰ ਵਿਚ ਤਲਾਸ਼ੀ ਮੁਹਿੰਮ ਚਲਾਈ ਸੀ।
ਉਧਰ ਐਨਆਈਏ ਦੀ ਛਾਪੇਮਾਰ ਸਬੰਧੀ ਹੋਟਲ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਐਨਆਈਏ ਨੇ ਅੱਜ ਸਵੇਰੇ ਉਨ੍ਹਾਂ ਦੇ ਘਰ ਅਤੇ ਹੋਟਲ 'ਤੇ ਛਾਪਾ ਮਾਰਿਆ ਸੀ। ਪੁੱਛਗਿੱਛ ਦੌਰਾਨ, ਐਨਆਈਏ ਟੀਮ ਨੇ ਦੱਸਿਆ ਸੀ ਕਿ ਉਸਦੇ ਫੋਨ ਤੋਂ ਪਾਕਿਸਤਾਨ ਨੂੰ ਹੋਈਆਂ ਕਥਿੱਤ ਕਾਲਾਂ ਕਾਰਨ ਇਹ ਕਾਰਵਾਈ ਕੀਤੀ ਜਾ ਰਹੀ ਹੈ। ਮਨਦੀਪ ਸਿੰਘ ਨੇ ਦੱਸਿਆ ਕਿ ਅਜਿਹਾ ਕੁਝ ਨਹੀਂ ਹੈ। ਨਾ ਤਾਂ ਉਸਦਾ ਕਿਸੇ ਪਾਕਿਸਤਾਨੀ ਨਾਲ ਕੋਈ ਸਬੰਧ ਹੈ ਅਤੇ ਨਾ ਹੀ ਉਸਨੇ ਪਾਕਿਸਤਾਨ ਵਿਖੇ ਕੋਈ ਫੋਨ ਕੀਤਾ ਹੈ। ਘਰ ਦੀ ਪੂਰੀ ਜਾਂਚ ਅਤੇ ਤਲਾਸ਼ੀ ਦੌਰਾਨ, ਐਨਆਈਏ ਨੂੰ ਕੁਝ ਨਹੀਂ ਮਿਲਿਆ ਅਤੇ ਟੀਮ ਵਾਪਸ ਚਲੀ ਗਈ। ਜਾਂਦੇ ਹੋਏ ਉਹ ਉਨ੍ਹਾਂ ਦੇ ਮੋਬਾਈਲ ਫੋਨ ਆਪਣੇ ਨਾਲ ਲੈ ਗਏ ਹਨ।
ਉਧਰ ਇਸ ਛਾਪੇਮਾਰੀ ਸਬੰਧੀ ਮਨਦੀਪ ਸਿੰਘ ਦੇ ਚਾਚਾ ਸਰਦੂਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਹੋਟਲ 'ਤੇ ਵੀ ਛਾਪਾ ਮਾਰਿਆ ਗਿਆ ਸੀ। ਉਸਦੇ ਅਤੇ ਉਸਦੇ ਸਾਰੇ ਸਟਾਫ ਦੇ ਫੋਨ ਚੈੱਕ ਕੀਤੇ ਗਏ ਪਰ ਟੀਮ ਨੂੰ ਕੁਝ ਵੀ ਨਹੀਂ ਮਿਲਿਆ। ਟੀਮ ਇਹ ਕਹਿ ਕੇ ਵਾਪਸ ਚਲੀ ਗਈ ਕਿ ਉਨ੍ਹਾਂ ਨੂੰ ਗਲਤ ਜਾਣਕਾਰੀ ਮਿਲੀ ਹੈ। ਪਰ ਸਰਦੂਲ ਸਿੰਘ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਸਬੂਤ ਦੇ ਅਜਿਹਾ ਛਾਪਾ ਮਾਰਨਾ ਗਲਤ ਹੈ, ਜਿਸ ਕਾਰਨ ਉਸਨੂੰ ਇਲਾਕੇ ਵਿੱਚ ਬਦਨਾਮੀ ਦਾ ਸਾਹਮਣਾ ਕਰਨਾ ਪਿਆ ਹੈ। ਉਹ ਇੱਕ ਸਾਫ਼-ਸੁਥਰੇ ਅਕਸ ਵਾਲਾ ਵਿਅਕਤੀ ਹੈ, ਜਿਸ ਬਾਰੇ ਸ਼ਹਿਰ ਦਾ ਕੋਈ ਵੀ ਵਿਅਕਤੀ ਪੁੱਛ ਸਕਦਾ ਹੈ। ਪਰ ਇਸ ਤਰ੍ਹਾਂ ਵਾਹਨਾਂ ਵਿੱਚ ਆਉਣਾ ਅਤੇ ਘਰਾਂ ਅਤੇ ਹੋਟਲਾਂ ਦੀ ਤਲਾਸ਼ੀ ਲੈਣਾ ਗਲਤ ਹੈ।
Comentarios