ਅਮਰੀਕਾ ’ਚੋਂ ਕੱਢੇ ਜਾਣਗੇ 487 ਹੋਰ ਭਾਰਤੀ, ਅਮਰੀਕਾ ਨੇ ਸਾਂਝੀ ਕੀਤੀ ਸੂਚੀ, ਇਨ੍ਹਾਂ ’ਤੇ ਨਾਜਾਇਜ਼ ਤਰੀਕੇ ਨਾਲ ਰਹਿਣ ਦਾ ਦੋਸ਼
- Ludhiana Plus
- Feb 8, 2025
- 2 min read
08/02/2025

ਚਾਰ ਫਰਵਰੀ ਨੂੰ ਅਮਰੀਕਾ ’ਚ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ 104 ਭਾਰਤੀਆਂ ਨੂੰ ਫ਼ੌਜੀ ਜਹਾਜ਼ ’ਚ ਵਾਪਸ ਭੇਜਣ ਤੋਂ ਬਾਅਦ ਟਰੰਪ ਸਰਕਾਰ ਨੇ ਹੁਣ ਅਜਿਹੇ 487 ਭਾਰਤੀਆਂ ਬਾਰੇ ਜਾਣਕਾਰੀ ਭਾਰਤ ਸਰਕਾਰ ਨਾਲ ਸਾਂਝੀ ਕੀਤੀ ਹੈ, ਜਿਨ੍ਹਾਂ ’ਤੇ ਉੱਥੇ ਨਾਜਾਇਜ਼ ਤਰੀਕੇ ਨਾਲ ਰਹਿਣ ਦਾ ਦੋਸ਼ ਹੈ। ਅਮਰੀਕਾ ਦੇ ਸਬੰਧਤ ਵਿਭਾਗਾਂ ਤੇ ਏਜੰਸੀਆਂ ਨੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦਾ ਅੰਤਿਮ ਆਦੇਸ਼ ਦੇ ਦਿੱਤਾ ਹੈ। ਇਹ ਜਾਣਕਾਰੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇੱਥੇ ਪੱਤਰਕਾਰਾਂ ਨੂੰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਜਿਹੜੀ ਸੂਚੀ ਮਿਲੀ ਹੈ, ਉਨ੍ਹਾਂ ’ਚੋਂ 298 ਭਾਰਤੀ ਹੋਣ ਦੀ ਗੱਲ ਦੀ ਤਸਦੀਕ ਹੋ ਗਈ ਹੈ। ਬਾਕੀਆਂ ਬਾਰੇ ਹੋਰ ਜਾਣਕਾਰੀ ਅਮਰੀਕਾ ਤੋਂ ਆਉਣ ਦੀ ਸੰਭਾਵਨਾ ਹੈ।
ਨਾਜਾਇਜ਼ ਤਰੀਕੇ ਨਾਲ ਰਹਿਣ ਵਾਲੇ ਭਾਰਤੀਆਂ ਨੂੰ ਹੱਥਕੜੀ ਤੇ ਬੇੜੀਆਂ ’ਚ ਵਾਪਸ ਭੇਜਣ ਤੇ ਉਨ੍ਹਾਂ ਨਾਲ ਦੁਰਵਿਹਾਰ ਨੂੰ ਲੈ ਕੇ ਪੁੱਛੇ ਗਏ ਸਵਾਲ ’ਤੇ ਮਿਸਰੀ ਨੇ ਕਿਹਾ ਕਿ ਫਿਲਹਾਲ ਜਿਹੜਾ ਜਹਾਜ਼ ਭਾਰਤੀਆਂ ਨੂੰ ਲੈ ਕੇ ਆਇਆ ਹੈ, ਉਨ੍ਹਾਂ ’ਚ ਸਵਾਰ ਲੋਕਾਂ ਨਾਲ ਹੋਏ ਦੁਰਵਿਹਾਰ ਨੂੰ ਲੈ ਕੇ ਜਿਹੜੀ ਚਿੰਤਾ ਪ੍ਰਗਟਾਈ ਜਾ ਰਹੀ ਹੈ, ਉਹ ਸਹੀ ਹੈ। ਇਹ ਮੁੱਦਾ ਅਮਰੀਕੀ ਪ੍ਰਸ਼ਾਸਨ ਕੋਲ ਚੁੱਕਿਆ ਜਾਏਗਾ। ਪਰ ਉਸ ਸਿਸਟਮ ਖਿਲਾਫ਼ ਵੀ ਸਖ਼ਤ ਕਾਰਾਵਈ ਦੀ ਲੋੜ ਹੈ, ਜਿਹੜਾ ਨਾਜਾਇਜ਼ ਪਰਵਾਸ ਨੂੰ ਉਤਸ਼ਾਹਤ ਕਰਦਾ ਹੈ। ਉਨ੍ਹਾਂ ਇਸ ਗੱਲ ਦਾ ਸਿੱਧਾ ਜਵਾਬ ਨਹੀਂ ਦਿੱਤਾ ਕਿ ਕੀ ਭਾਰਤ ਸਰਕਾਰ ਨੇ ਰਸਮੀ ਤੌਰ ’ਤੇ ਅਮਰੀਕਾ ਨਾਲ ਭਾਰਤੀਆਂ ਨਾਲ ਦੁਰਵਿਹਾਰ ਦਾ ਮੁੱਦਾ ਉਠਾਇਆ ਹੈ ਜਾਂ ਨਹੀਂ। ਮਿਸਰੀ ਨੇ ਇਸ ਬਾਰੇ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਕਿ ਕੀ ਪਹਿਲੀ ਵਾਰੀ ਅਮਰੀਕੀ ਫ਼ੌਜੀ ਜਹਾਜ਼ ’ਚ ਭਾਰਤੀਆਂ ਨੂੰ ਭੇਜਿਆ ਗਿਆ ਹੈ।
ਵਿਦੇਸ਼ ਸਕੱਤਰ, ਪੀਐੱਮ ਨਰਿੰਦਰ ਮੋਦੀ ਦੀ ਭਵਿੱਖੀ ਫਰਾਂਸ ਤੇ ਅਮਰੀਕਾ ਯਾਤਰਾ ਦੀ ਜਾਣਕਾਰੀ ਦੇਣ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਹਨ। ਇਸ ’ਚ ਉਨ੍ਹਾਂ ਨੂੰ ਜ਼ਿਆਦਾਤਰ ਸਵਾਲ ਅਮਰੀਕਾ ਤੋਂ ਭੇਜੇ ਗਏ ਨਾਜਾਇਜ਼ ਭਾਰਤੀ ਪਰਵਾਸੀਆਂ ਨੂੰ ਲੈ ਕੇ ਹੀ ਕੀਤੇ ਗਏ। ਅਮਰੀਕਾ ’ਚ ਨਾਜਾਇਜ਼ ਤਰੀਕੇ ਨਾਲ ਰਹਿਣ ਵਾਲੇ ਭਾਰਤੀਆਂ ਦੀ ਗਿਣਤੀ ਬਾਰੇ ਪੁੱਛੇ ਜਾਣ ’ਤੇ ਮਿਸਰੀ ਨੇ ਕਿਹਾ ਕਿ ਬਾਹਰੀ ਏਜੰਸੀਆਂ ਵੱਲੋਂ ਵੱਖ-ਵੱਖ ਗਿਣਤੀ ਦੱਸੀ ਜਾ ਰਹੀ ਹੈ, ਪਰ ਇਸ ਬਾਰੇ ਭਾਰਤ ਸਰਕਾਰ ਦੀ ਇਕ ਪ੍ਰਕਿਰਿਆ ਹੈ, ਜਿਸਦੇ ਆਧਾਰ ’ਤੇ ਹੀ ਅਸੀਂ ਆਪਣੀ ਗਿਣਤੀ ਦੱਸਦੇ ਹਾਂ। ਇਹ ਸੁਰੱਖਿਆ ਤੇ ਕਾਨੂੰਨ ਨਾਲ ਜੁੜਿਆ ਹੋਇਆ ਮੁੱਦਾ ਹੈ। ਇਸ ਬਾਰੇ ਅਸੀਂ ਅਮਰੀਕਾ ਨਾਲ ਲਗਾਤਾਰ ਸੰਪਰਕ ’ਚ ਹਾਂ। ਹਾਲੀਆ ਅਮਰੀਕਾ ਤੋਂ ਜਦੋਂ ਅਸੀਂ ਉਨ੍ਹਾਂ ਭਾਰਤੀਆਂ ਦੀ ਗਿਣਤੀ ਮੰਗੀ ਤਾਂ ਉਨ੍ਹਾਂ ਨੇ 487 ਦੀ ਗਿਣਤੀ ਦੱਸੀ, ਜਿਨ੍ਹਾਂ ਨੂੰ ਦੇਸ਼ ਤੋਂ ਬਾਹਰ ਭੇਜਣ ਦਾ ਆਦੇਸ਼ ਹੈ। ਇਸ ਸੂਚਨਾ ਦੇ ਆਧਾਰ ’ਤੇ ਅਸੀਂ ਆਪਣੀ ਪ੍ਰਕਿਰਿਆ ਅਪਣਾਈ, ਜਿਸ ਨਾਲ ਉਨ੍ਹਾਂ ਦੇ ਭਾਰਤੀ ਹੋਣ ਦੀ ਤਸਦੀਕ ਹੋ ਸਕਦੇ। 298 ਦੇ ਬਾਰੇ ਸੂਚਨਾ ਮਿਲੀ ਹੈ, ਜਿਨ੍ਹਾਂਦੇ ਬਾਰੇ ਪਤਾ ਕੀਤਾ ਜਾ ਰਿਹਾ ਹੈ। ਇਸ ਬਾਰੇ ਅਸੀਂ ਕਾਫ਼ੀ ਪਾਰਦਰਸ਼ੀ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਇਕ ਦਿਨ ਪਹਿਲਾਂ ਜਿਨ੍ਹਾਂ 104 ਲੋਕਾਂ ਨੂੰ ਭੇਜਿਆ ਗਿਆ, ਉਹ ਪਹਿਲਾਂ ਦੀ ਪ੍ਰਕਿਰਿਆ ਤੋਂ ਥੋੜ੍ਹੀ ਵੱਖਰੀ ਹੈ। ਇਸੇ ਲਈ ਇਸ ਵਿਚ ਫ਼ੌਜੀ ਜਹਾਜ਼ ਦਾ ਇਸਤੇਮਾਲ ਕੀਤਾ ਗਿਆ ਹੈ। ਅਸੀਂ ਦੂਜੇ ਬਦਲਾਂ ’ਤੇ ਵੀ ਅੱਗੇ ਵਿਚਾਰ ਕਰਾਂਗੇ।
ਯਾਦ ਰਹੇ ਕਿ ਜਨਵਰੀ ’ਚ ਅਮਰੀਕਾ ਤੇ ਭਾਰਤ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਤੋਂ ਬਾਅਦ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਸੀ ਕਿ 18 ਹਜ਼ਾਰ ਨਾਜਾਇਜ਼ ਭਾਰਤੀਆਂ ਨੂੰ ਵਾਪਸ ਭੇਜਣ ’ਤੇ ਵੀ ਗੱਲ ਹੋਈ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀਰਵਾਰ ਨੂੰ ਸੰਸਦ ’ਚ ਕਿਹਾ ਸੀ ਕਿ 2009 ਤੋਂ 2025 ’ਚ ਹਾਲੇ ਤੱਕ ਅਮਰੀਕਾ ਨੇ 15,668 ਭਾਰਤੀਆਂ ਨੂੰ ਨਾਜਾਇਜ਼ ਤਰੀਕੇ ਨਾਲ ਉੱਥੇ ਰਹਿਣ ਦੇ ਦੋਸ਼ ਲਗਾਉਂਦੇ ਹੋਏ ਭਾਰਤ ਭੇਜਿਆ ਗਿਆ ਹੈ।





Comments