ਕਿਸੇ ਵੇਲੇ ਵੀ ਹੋ ਸਕਦੀ ਹੈ ਪ੍ਰਤਾਪ ਬਾਜਵਾ ਦੀ ਗ੍ਰਿਫ਼ਤਾਰੀ!
- bhagattanya93
- Apr 14
- 2 min read
14/04/2025

ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ 'ਚ 50 ਬੰਬ ਆਉਣ ਸਬੰਧੀ ਦਿੱਤੇ ਬਿਆਨ ਮਗਰੋਂ ਕਸੂਤੇ ਫਸ ਗਏ ਹਨ। ਮੋਹਾਲੀ ਦੇ ਸਾਈਬਰ ਕਰਾਈਮ ਪੁਲਸ ਥਾਣੇ 'ਚ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ 'ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੁੰਮਰਾਹਕੁਨ ਜਾਣਕਾਰੀ ਦੇਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਪੰਜਾਬ ਪੁਲਸ ਦੀ ਟੀਮ ਨੇ ਉਨ੍ਹਾਂ ਦੇ ਘਰ ਜਾ ਕੇ ਪੁੱਛਗਿੱਛ ਕੀਤੀ ਸੀ। ਉਨ੍ਹਾਂ ਨੂੰ ਅੱਜ ਵੀ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਗਿਆ ਹੈ। ਐੱਸ.ਏ.ਐੱਸ. ਨਗਰ ਦੇ ਐੱਸ.ਪੀ. ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਅੱਜ ਦੁਪਹਿਰ 12 ਵਜੇ ਤਕ ਸਾਈਬਰ ਕ੍ਰਾਈਮ ਪੁਲਸ ਥਾਣੇ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਜਾਂਚ 'ਚ ਸਹਿਯੋਗ ਨਾ ਕਰਨ 'ਤੇ ਪ੍ਰਤਾਪ ਸਿੰਘ ਬਾਜਵਾ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਵੀ ਸੰਭਾਵਨਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਹੀ ਪ੍ਰਤਾਪ ਸਿੰਘ ਬਾਜਵਾ ਨੂੰ ਇਸ ਮਾਮਲੇ ਵਿਚ ਚੇਤਾਵਨੀ ਦੇ ਚੁੱਕੇ ਹਨ। ਉਨ੍ਹਾਂ ਨੇ ਇਸ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਪਾਕਿਸਤਾਨ 'ਚ ਸਰਗਰਮ ਪੰਜਾਬ ਵਿਰੋਧੀ ਤਾਕਤਾਂ ਨਾਲ ਗੂੜ੍ਹੇ ਪਰਿਵਾਰਕ ਸਬੰਧ ਹਨ ਕਿਉਂਕਿ ਖ਼ੁਫ਼ੀਆ ਏਜੰਸੀਆਂ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਭ ਨੂੰ ਪਤਾ ਹੈ ਕਿ ਬਾਜਵਾ ਪਰਿਵਾਰ ਦੇ ਦਹਾਕਿਆਂ ਤੋਂ ਪਾਕਿਸਤਾਨ 'ਚ ਸਰਗਰਮ ਪੰਜਾਬ ਵਿਰੋਧੀ ਤਾਕਤਾਂ ਨਾਲ ਗੂੜ੍ਹੇ ਸਬੰਧ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਅਜਿਹੀਆਂ ਤਰਕਹੀਣ ਤੇ ਬੇਬੁਨਿਆਦ ਜਾਣਕਾਰੀਆਂ ਮਿਲ ਰਹੀਆਂ ਹਨ ਜਦਿਕ ਖ਼ੁਫ਼ੀਆ ਏਜੰਸੀਆਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ। ਸਰਹੱਦ ਪਾਰ ਬੈਠੇ ਬਾਜਵਾ ਦੇ ਦੋਸਤ ਨੇ ਉਨ੍ਹਾਂ ਨੂੰ ਸੂਬੇ 'ਚ ਸ਼ਾਂਤੀ ਭੰਗ ਕਰਨ ਦੀਆਂ ਆਪਣੀਆਂ ਯੋਜਨਾਵਾਂ ਬਾਰੇ ਜ਼ਰੂਰ ਦੱਸਿਆ ਹੋਵੇਗਾ। ਉਨ੍ਹਾਂ ਕਿਹਾ ਸੀ ਕਿ ਜਾਂ ਤਾਂ ਬਾਜਵਾ ਆਪਣੇ ਦਾਅਵੇ ਨੂੰ ਸਾਬਤ ਕਰਨ ਜਾਂ ਲੋਕਾਂ 'ਚ ਦਹਿਸ਼ਤ ਪੈਦਾ ਕਰਨ ਬਦਲੇ ਕਾਰਵਾਈ ਦਾ ਸਾਹਮਣਾ ਕਰਨ।ਉਨ੍ਹਾਂ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ ਤੇ ਕਾਂਗਰਸੀ ਆਗੂ ਦਾ ਅਜਿਹਾ ਘਟੀਆ ਰਵੱਈਆ ਸਵੀਕਾਰਯੋਗ ਨਹੀਂ ਹੈ ਕਿਉਂਕਿ ਇਸ ਨੇ ਜਨਤਾ 'ਚ ਦਹਿਸ਼ਤ ਪੈਦਾ ਕਰ ਦਿੱਤੀ ਹੈ।
CM ਮਾਨ ਨੇ ਕਿਹਾ ਸੀ ਕਿ ਬਾਜਵਾ ਨੂੰ ਇਸ ਸਬੰਧੀ ਆਪਣੀ ਜਾਣਕਾਰੀ ਦੇ ਸਰੋਤ ਦਾ ਖ਼ੁਲਾਸਾ ਕਰਨਾ ਚਾਹੀਦਾ ਹੈ ਕਿਉਂਕਿ ਇਹ ਉਨ੍ਹਾਂ ਦਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਬਾਜਵਾ ਬੰਬਾਂ ਦੇ ਫਟਣ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਹ ਇਸ ਮੌਕੇ ਨੂੰ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਵਰਤ ਸਕਣ। ਇਸ ਤਰ੍ਹਾਂ ਦਾ ਉਦਾਸੀਨ ਤੇ ਗ਼ੈਰ-ਜ਼ਿੰਮੇਵਾਰਾਨਾ ਰਵੱਈਆ ਗ਼ੈਰ-ਵਾਜਬ ਹੈ। ਉਨ੍ਹਾਂ ਕਿਹਾ ਕਿ ਕਿ ਜਾਂ ਤਾਂ ਬਾਜਵਾ ਆਪਣੇ ਦੋਸਤਾਂ ਕੋਲੋਂ ਪੰਜਾਬ 'ਚ ਸ਼ਾਂਤੀ ਭੰਗ ਕਰਨ ਦੇ ਨਾਪਾਕ ਮਨਸੂਬਿਆਂ ਬਾਰੇ ਮਿਲੀ ਜਾਣਕਾਰੀ ਪੰਜਾਬ ਪੁਲਸ ਨਾਲ ਸਾਂਝੀ ਕਰਨ ਜਾਂ ਫਿਰ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਝੂਠੇ ਦਾਅਵੇ ਕਰ ਕੇ ਲੋਕਾਂ ਨੂੰ ਡਰਾਉਣਾ ਗ਼ੈਰ-ਮਾਫ਼ੀਯੋਗ ਤੇ ਘਿਨੌਣਾ ਅਪਰਾਧ ਹੈ, ਜਿਸ ਲਈ ਗੰਭੀਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਾਂਗਰਸ ਹਾਈਕਮਾਂਡ ਨੂੰ ਕਿਹਾ ਕਿ ਫੁੱਟਪਾਊ ਤਾਕਤਾਂ ਨਾਲ ਡੂੰਘੇ ਸਬੰਧ ਰੱਖਣ ਵਾਲੇ ਅਜਿਹੇ ਆਗੂਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
Comentarios