google-site-verification=ILda1dC6H-W6AIvmbNGGfu4HX55pqigU6f5bwsHOTeM
top of page

ਕਿਸਾਨ ਟਮਾਟਰਾਂ ਦੀ ਫਸਲ ਵਾਹੁਣ ਲਈ ਹੋਏ ਮਜਬੂਰ, ਝੁਲਸ ਰੋਗ ਦੇ ਹਮਲੇ ਕਾਰਨ ਵੱਡੇ ਪੱਧਰ ’ਤੇ ਟਮਾਟਰਾਂ ਦੀ ਫਸਲ ਹੋਈ ਖ਼ਰਾਬ

  • Dec 21, 2023
  • 2 min read

21/12/2023

ਪਿਛਲੇ ਕਈ ਦਿਨਾਂ ਤੋਂ ਸਨੌਰ ਨੇੜਲੇ ਪਿੰਡਾਂ ’ਚ ਟਮਾਟਰਾਂ ਦੀ ਫਸਲ ਨੂੰ ਪਈ ਝੁਲਸ ਰੋਗ ਦੀ ਬਿਮਾਰੀ ਕਾਰਨ ਫਸਲ ਵੱਡੇ ਪੱਧਰ ’ਤੇ ਖ਼ਰਾਬ ਹੋਣ ਉਪਰੰਤ ਕਿਸਾਨ ਮਜਬੂਰੀਵੱਸ ਫਸਲ ਨੂੰ ਵਾਹੁਣ ਲਈ ਮਜਬੂਰ ਹਨ। ਬਿਮਾਰੀ ਨਾ ਰੁਕਣ ਕਾਰਨ ਕਿਸਾਨ ਫਸਲ ਬਚਣ ਦੀ ਆਸ ਛੱਡ ਕੇ ਅਗਲੀ ਫਸਲ ਬੀਜਣ ਲਈ ਖੇਤ ਖ਼ਾਲੀ ਕਰਨ ਵਾਸਤੇ ਟਮਾਟਰਾਂ ਦੀ ਫਸਲ ਨੂੰ ਵਾਹੁਣ ਲੱਗੇ ਹਨ। ਬੁੱਧਵਾਰ ਤੱਕ ਪਿੰਡ ਫਤਹਿਪੁਰ ਰਾਜਪੂਤਾਂ ’ਚ 25 ਏਕੜ ਦੇ ਕਰੀਬ ਟਮਾਟਰਾਂ ਦੀ ਫਸਲ ਨੂੰ ਵਾਹ ਦਿੱਤਾ ਗਿਆ ਹੈ ਅਤੇ ਆਉਂਦੇ ਦਿਨਾਂ ’ਚ ਹੋਰ ਕਿਸਾਨ ਵੀ ਆਪਣੀ ਫਸਲ ਵਾਹੁਣ ਦੀ ਤਿਆਰੀ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਬਿਜਾਈ ਪਹਿਲਾਂ ਹੀ ਲੇਟ ਹੈ ਅਤੇ ਜੇ ਕੁਝ ਦਿਨ ਹੋਰ ਬਿਜਾਈ ਨਾ ਕੀਤੀ ਗਈ ਤਾਂ ਕਣਕ ਬੀਜਣ ਦਾ ਸਮਾਂ ਹੀ ਲੰਘ ਜਾਵੇਗਾ।

ਫਤਹਿਪੁਰ ਰਾਜਪੂਤਾਂ ਦੇ ਵਸਨੀਕ ਮਨਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ 7 ਏਕੜ ਟਮਾਟਰਾਂ ਦੀ ਫਸਲ ਵਾਹੀ ਹੈ। ਇਸ ਤੋਂ ਇਲਾਵਾ ਪਿੰਡ ਦੇ ਕਈ ਹੋਰ ਕਿਸਾਨਾਂ ਨੇ ਵੀ ਟਮਾਟਰਾਂ ਦੀ ਖ਼ਰਾਬ ਹੋਈ ਫਸਲ ਵਾਹੀ ਹੈ ਜਿਸ ਨਾਲ ਪਿੰਡ ’ਚ ਕੁੱਲ 25 ਏਕੜ ਦੇ ਕਰੀਬ ਫਸਲ ਵਾਹੀ ਗਈ ਹੈ। ਪਿੰਡ ’ਚ 150 ਦੇ ਕਰੀਬ ਲਗਾਈ ਗਈ ਟਮਾਟਰਾਂ ਦੀ ਫਸਲ ਵਿਚੋਂ 96 ਏਕੜ ਫਸਲ ਤਾਂ ਬਿਲਕੁੱਲ ਖ਼ਰਾਬ ਹੋ ਗਈ ਹੈ ਜਿਸ ਨੂੰ ਵਾਹੁਣਾ ਸ਼ੁਰੂ ਕੀਤਾ ਗਿਆ ਅਤੇ ਬਾਕੀ ਫਸਲ ਵੀ ਬਿਮਾਰੀ ਦੀ ਲਪੇਟ ’ਚ ਹੈ ਜਿਸ ’ਤੇ ਮਹਿੰਗੇ ਭਾਅ ਦੀਆਂ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਪ੍ਰੰਤੂ ਫਿਰ ਵੀ ਫਸਲ ਬਚਣ ਦੀ ਆਸ ਨਹੀਂ ਹੈ। ਖ਼ਰਾਬ ਹੋਈ ਫਸਲ ਨੂੰ ਖੇਤ ’ਚੋਂ ਬਾਹਰ ਕੱਢਣ ਲਈ ਵੀ 10 ਤੋ 15 ਹਜ਼ਾਰ ਰੁਪਏ ਖ਼ਰਚ ਕਰਨੇ ਪੈ ਰਹੇ ਹਨ ਕਿਉਂਕਿ ਸਰਦੀਆਂ ਦਾ ਮੌਸਮ ਹੋਣ ਕਾਰਨ ਟਮਾਟਰਾਂ ਦੀ ਵੇਲ ਜਲਦੀ ਸੁੱਕਦੀ ਨਹੀਂ ਜਿਸ ਕਾਰਨ ਇਸ ਨੂੰ ਖੇਤਾਂ ’ਚੋਂ ਬਾਹਰ ਕਢਾਉਣ ਲਈ ਲੇਬਰ ਦੀ ਜ਼ਰੂਰਤ ਪੈਂਦੀ ਹੈ ਅਤੇ ਵੱਡੀ ਲਾਗਤ ਨਾਲ ਖੇਤ ਖਾਲੀ ਹੁੰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੇ ਫਸਲੀ ਵਿਭਿੰਨਤਾ ਨੂੰ ਪੰਜਾਬ ਸਰਕਾਰ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਦੀ ਕੁਝ ਸਹਾਇਤਾ ਹੋ ਸਕੇ। ਕਿਸਾਨ ਮਨਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਫਸਲ ਤਿਆਰ ਕਰਨ ’ਤੇ 80 ਤੋਂ 90 ਹਜ਼ਾਰ ਰੁਪਏ ਖ਼ਰਚ ਆ ਚੁੱਕਾ ਹੈ ਪਰ ਨਿਰਾਸ਼ਾ ਹੀ ਪੱਲੇ ਪਈ ਹੈ।


ਜ਼ਿਕਰਯੋਗ ਹੈ ਕਿ ਝੁਲਸ ਰੋਗ ਦੀ ਬਿਮਾਰੀ ਨਾਲ ਟਮਾਟਰਾਂ ਦੀ ਫ਼ਸਲ ਖਰਾਬ ਹੋਣ ਉਪਰੰਤ ਬਾਗਬਾਨੀ ਅਤੇ ਖੇਤੀਬਾੜੀ ਵਿਭਾਗ ਦੀਆ ਟੀਮਾਂ ਵੱਲੋਂ ਲਗਾਤਾਰ ਪ੍ਰਭਾਵਿਤ ਪਿੰਡਾਂ ਦੇ ਦੌਰੇ ਕਰ ਕੇ ਰਿਪੋਰਟਾਂ ਉੱਚ ਅਧਿਕਾਰੀਆਂ ਨੂੰ ਭੇਜੀਆਂ ਜਾ ਰਹੀਆਂ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਵਾਰੀਆਂ ਰਾਹੀ ਵਿਸ਼ੇਸ ਗਿਰਦਾਵਰੀ ਵੀ ਕਰਵਾਈ ਜਾ ਰਹੀ ਹੈ।

Comments


Logo-LudhianaPlusColorChange_edited.png
bottom of page