ਚੰਡੀਗੜ੍ਹ ਬਣੇਗਾ ਮਾਡਲ ਸੋਲਰ ਸਿਟੀ, ਸਾਰੀਆਂ ਸਰਕਾਰੀ ਇਮਾਰਤਾਂ 'ਤੇ ਲੱਗੇ ਪਲਾਂਟ; 125 ਮੈਗਾਵਾਟ ਬਿਜਲੀ ਪੈਦਾ ਕਰਨ ਦਾ ਟੀਚਾ
- bhagattanya93
- Apr 28
- 2 min read
28/04/2025

ਪ੍ਰਸ਼ਾਸਨ ਨੇ ਸਾਲ 2030 ਤਕ ਸ਼ਹਿਰ ਨੂੰ ਮਾਡਲ ਸੋਲਰ ਸਿਟੀ ਬਣਾਉਣ ਦਾ ਟੀਚਾ ਰੱਖਿਆ ਹੈ। ਪ੍ਰਸ਼ਾਸਨ ਨੇ ਹੁਣ ਤਕ 90 ਕਿਲੋ ਮੈਗਾਵਾਟ ਬਿਜਲੀ ਸੂਰਜੀ ਊਰਜਾ ਤੋਂ ਪੈਦਾ ਕਰਨ ਦਾ ਟੀਚਾ ਪੂਰਾ ਕੀਤਾ ਹੈ। ਇਸ ਸਾਲ ਦੇ ਅੰਤ ਤਕ 125 ਮੈਗਾਵਾਟ ਬਿਜਲੀ ਪੈਦਾ ਕਰਨ ਦਾ ਨਵਾਂ ਟੀਚਾ ਰੱਖਿਆ ਗਿਆ ਹੈ।
ਇਸ ਸਮੇਂ ਸ਼ਹਿਰ ਦੀ ਹਰ ਸਰਕਾਰੀ ਇਮਾਰਤ ਦੀ ਛੱਤ 'ਤੇ ਲੱਗੇ ਪਲਾਂਟ ਦੀ ਮਦਦ ਨਾਲ ਬਿਜਲੀ ਪੈਦਾ ਹੋ ਰਹੀ ਹੈ। ਸਿੱਖਿਆ ਵਿਭਾਗ ਸਮੇਤ ਕਈ ਮਹੱਤਵਪੂਰਨ ਸਰਕਾਰੀ ਦਫਤਰਾਂ ਨੇ ਆਪਣਾ ਬਿਜਲੀ ਬਿੱਲ ਜ਼ੀਰੋ ਕਰ ਲਿਆ ਹੈ। ਉਹ ਬਿਜਲੀ ਗਰਿੱਡ ਨੂੰ ਵੀ ਵੇਚ ਰਹੇ ਹਨ।
ਸਾਰੇ ਸਰਕਾਰੀ ਦਫਤਰਾਂ 'ਤੇ ਲੱਗ ਚੁੱਕੇ ਹਨ ਸੋਲਰ ਪਲਾਂਟ
ਸਾਰੇ ਸਰਕਾਰੀ ਦਫਤਰਾਂ 'ਤੇ 100% ਸੋਲਰ ਪਾਵਰ ਪਲਾਂਟ ਲੱਗ ਚੁੱਕੇ ਹਨ ਜੋ ਲਗਪਗ 36 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ। ਕੁੱਲ 111 ਸਰਕਾਰੀ ਸਕੂਲਾਂ 'ਚੋਂ 108 ਨੂੰ ਸੂਰਜੀ ਊਰਜਾ ਲਈ ਯੋਗ ਪਾਇਆ ਗਿਆ ਹੈ ਤੇ ਇਨ੍ਹਾਂ ਵਿਚ ਸਾਰੇ ਸੂਰਜੀ ਊਰਜਾ ਪਲਾਂਟ ਸਥਾਪਿਤ ਕੀਤੇ ਜਾ ਚੁੱਕੇ ਹਨ।
ਇਹ ਵੀ ਜਾਣਨਾ ਜ਼ਰੂਰੀ ਹੈ ਕਿ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀ ਸ਼੍ਰੇਣੀ 'ਚ ਚੰਡੀਗੜ੍ਹ ਨੂੰ ਸੂਰਜੀ ਊਰਜਾ ਪੈਦਾ ਕਰਨ 'ਚ ਪਹਿਲਾ ਇਨਾਮ ਮਿਲ ਚੁੱਕਾ ਹੈ। ਇਸ ਸਮੇਂ ਨਿੱਜੀ ਇਮਾਰਤਾਂ 'ਤੇ ਸੋਲਰ ਪਾਵਰ ਪਲਾਂਟ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਸਾਲ 2026 ਤਕ ਇਸ ਟਾਰਗੈੱਟ ਨੂੰ ਪੂਰਾ ਕਰ ਲਿਆ ਜਾਵੇਗਾ।
ਚੰਡੀਗੜ੍ਹ ਰਿਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨੋਲੋਜੀ ਕਮੇਟੀ (ਕ੍ਰੈਸਟ) ਅਨੁਸਾਰ, ਜੇਕਰ ਸ਼ਹਿਰ ਦੀਆਂ ਸਾਰੀਆਂ ਨਿੱਜੀ ਇਮਾਰਤਾਂ 'ਤੇ ਸੂਰਜੀ ਯੋਜਨਾ ਤਹਿਤ ਪਲਾਂਟ ਲਗਾਏ ਜਾਣ ਤਾਂ 150 ਮੈਗਾਵਾਟ ਬਿਜਲੀ ਪੈਦਾ ਹੋਣੀ ਸ਼ੁਰੂ ਹੋ ਜਾਵੇਗੀ।

ਸਰਕਾਰੀ 6,627 ਸਾਈਟਾਂ 'ਤੇ ਸੋਲਰ ਪਾਵਰ ਪਲਾਂਟ ਲਗਾਏ
ਚੰਡੀਗੜ੍ਹ ਸਾਲ 2030 ਤੋਂ ਪਹਿਲਾਂ ਹੀ ਆਪਣੇ ਆਪ ਨੂੰ ਇਕ ਮਾਡਲ ਸੋਲਰ ਸਿਟੀ ਦੇ ਰੂਪ 'ਚ ਸਥਾਪਿਤ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਨਾਲ ਨਾ ਸਿਰਫ਼ ਸ਼ਹਿਰ ਦੀ ਊਰਜਾ ਦੀਆਂ ਜ਼ਰੂਰਤਾਂ 'ਚ ਆਤਮਨਿਰਭਰਤਾ ਆਵੇਗੀ, ਬਲਕਿ ਚੰਡੀਗੜ੍ਹ ਦੇਸ਼ 'ਚ ਸਾਫ਼ ਅਤੇ ਗ੍ਰੀਨ ਐਨਰਜੀ ਦੇ ਖੇਤਰ 'ਚ ਇਕ ਮਿਸਾਲ ਵੀ ਬਣੇਗਾ। ਇਸ ਸਮੇਂ ਸੂਰਜੀ ਊਰਜਾ ਪ੍ਰਣਾਲੀ ਤੋਂ ਹੁਣ ਤਕ 270.26 ਮਿਲੀਅਨ ਯੂਨਿਟ ਸਾਫ਼ ਊਰਜਾ ਦਾ ਉਤਪਾਦਨ ਹੋ ਚੁੱਕਾ ਹੈ, ਜਿਸ ਨਾਲ ਲਗਪਗ 1,86,479 ਮੈਟ੍ਰਿਕ ਟਨ ਕਾਰਬਨ ਡਾਈਆਕਸਾਈਡ ਨਿਕਾਸੀ 'ਚ ਕਮੀ ਆਈ ਹੈ। ਜੋ ਸ਼ਹਿਰ ਦੀ ਵਾਤਾਵਰਣ ਪ੍ਰਤੀਬੱਧਤਾ ਦਾ ਪ੍ਰਮਾਣ ਹੈ।





Comments