google-site-verification=ILda1dC6H-W6AIvmbNGGfu4HX55pqigU6f5bwsHOTeM
top of page

ਜਨਤਾ ਦੀ ਭਲਾਈ ਦਾ ਰਾਹ ਚੁਣਿਆ ਹੈ, ਜੇਲ੍ਹ ਤਾਂ ਜਾਣਾ ਪਵੇਗਾ : ਅਰਵਿੰਦ ਕੇਜਰੀਵਾਲ

  • bhagattanya93
  • Jan 1, 2024
  • 2 min read

01/01/2024

ree

ਈਡੀ ਵੱਲੋਂ ਤਿੰਨ ਜਨਵਰੀ ਨੂੰ ਨੋਟਿਸ ਦੇ ਕੇ ਬੁਲਾਏ ਜਾਣ ਦਾ ਜ਼ਿਕਰ ਕੀਤੇ ਬਿਨਾਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜਨਤਾ ਦੀ ਭਲਾਈ ਦਾ ਰਾਹ ਚੁਣਿਆ ਹੈ, ਇਸ ਕਾਰਨ ਜੇਲ੍ਹ ਤਾਂ ਜਾਣਾ ਪਵੇਗਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਆਪ ਆਈਐੱਨਡੀਆਈਏ ਦਾ ਹਿੱਸਾ ਹੈ, ਜੋ ਵੀ ਸੀਟਾਂ ਮਿਲਣਗੀਆਂ, ਉਨ੍ਹਾਂ ’ਤੇ ਪਾਰਟੀ ਮਜ਼ਬੂਤੀ ਨਾਲ ਚੋਣ ਲੜੇਗੀ ਤੇ ਸਾਰੀਆਂ ਸੀਟਾਂ ਜਿੱਤੇਗੀ।

ਕੇਜਰੀਵਾਲ ਐਤਵਾਰ ਨੂੰ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਤੇ ਰਾਸ਼ਟਰੀ ਕੌਂਸਲ ਦੀ 12ਵੀਂ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਲਗਪਗ 1350 ਸਿਆਸੀ ਪਾਰਟੀਆਂ ਹਨ। ਆਪ ਇਨ੍ਹਾਂ 10 ਸਾਲਾਂ ’ਚ ਇਨ੍ਹਾਂ ਸਿਆਸੀ ਪਾਰਟੀਆਂ ’ਚ ਤੀਜੇ ਸਥਾਨ ’ਤੇ ਆ ਗਈ ਹੈ। ਜੇ ਅਸੀਂ ਵੀ ਉਨ੍ਹਾਂ 1350 ਸਿਆਸੀ ਪਾਰਟੀਆਂ ਵਾਂਗ ਕੁਝ ਚੰਗਾ ਨਾ ਕਰਦੇ, ਤਾਂ ਸਾਡੀ ਪਾਰਟੀ ਦਾ ਕੋਈ ਆਗੂ ਜੇਲ੍ਹ ਨਾ ਜਾਂਦਾ ਤੇ ਅੱਜ ਸਾਰੇ ਆਪਣੇ ਘਰ-ਪਰਿਵਾਰ ’ਚ ਖ਼ੁਸ਼ ਹੁੰਦੇ। ਬੈਠਕਾਂ ’ਚ ਵਰਚੂਅਲੀ ਪੂਰੇ ਦੇਸ਼ ਤੋਂ ਪਾਰਟੀ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ, ਜਦਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਸ਼ਟਰੀ ਸੰਗਠਨ ਮਹਾਮੰਤਰੀ ਡਾ. ਸੰਦੀਪ ਪਾਠਕ ਬੈਠਕ ’ਚ ਮੌਜੂਦ ਸਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਸਿਹਤ ਦੇ ਖੇਤਰ ’ਚ ਸਾਡੇ ਕੰਮ ’ਚ ਐੱਲਜੀ ਤੇ ਕੇਂਦਰ ਸਰਕਾਰ ਨੇ ਕਾਫ਼ੀ ਅੜਿੱਕੇ ਪਾਏ। ਕਾਫ਼ੀ ਜੱਦੋਜਹਿਦ ਤੋਂ ਬਾਅਦ ਅੱਜ ਦਿੱਲੀ ’ਚ 500 ਤੇ ਪੰਜਾਬ ’ਚ ਸਿਰਫ਼ ਦੋ ਸਾਲ ’ਚ 650 ਮੁਹੱਲਾ ਕਲੀਨਿਕ ਕੰਮ ਕਰ ਰਹੇ ਹਨ। 26 ਜਨਵਰੀ ਤੱਕ ਉਹ 750 ਹੋਣਗੇ। ਪੰਜਾਬ ਦੇ 40 ਵੱਡੇ ਸਰਕਾਰੀ ਹਸਪਤਾਲਾਂ ਦਾ ਕਾਇਆ-ਕਲਪ ਕੀਤਾ ਜਾ ਰਿਹਾ ਹੈ। ਪੰਜਾਬ ’ਚ 20 ਹਜ਼ਾਰ ਸਰਕਾਰੀ ਸਕੂਲ ਹਨ ਤੇ ਸਾਰੇ ਸਕੂਲਾਂ ’ਚ ਕੁਝ ਨਾ ਕੁਝ ਕੰਮ ਚੱਲ ਰਿਹਾ ਹੈ। ਪੰਜਾਬ ’ਚ ਹੁਣ ਤੱਕ 40 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਤੇ 50 ਹਜ਼ਾਰ ਕਰੋੜ ਦਾ ਨਿਵੇਸ਼ ਆ ਚੁੱਕਾ ਹੈ, ਇਸ ਨਾਲ ਤਿੰਨ ਲੱਖ ਨੌਕਰੀਆਂ ਪੈਦਾ ਹੋਣਗੀਆਂ। ਪੰਜਾਬ ’ਚ ਜਲਦ ਹੀ ਡੋਰ ਸਟੈਪ ਡਿਲੀਵਰ ਆਫ ਰਾਸ਼ਨ ਸ਼ੁਰੂ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਸੀਐੱਮ ਭਗਵੰਤ ਮਾਨ ਨੇ ਤੀਰਥ ਯਾਤਰੀਆਂ ਲਈ ਚਾਰਟਰਡ ਫਲਾਈਟ ਬੁੱਕ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਤੋਂ ਬਾਅਦ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਸਾਡੇ ਲਈ ਸਭ ਤੋਂ ਵੱਡੀਆਂ ਚੋਣਾਂ ਹਨ। ‘ਆਪ’ ਸਰਕਾਰ ਬਣਾਉਣ ਦੇ ਇਰਾਦੇ ਨਾਲ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਲੜੇਗੀ। ਅਕਤੂਬਰ-ਨਵੰਬਰ ’ਚ ਹਰਿਆਣਾ ਦੀ ਚੋਣ ਹੋਣ ਦੀ ਸੰਭਾਵਨਾ ਹੈ।

Comments


Logo-LudhianaPlusColorChange_edited.png
bottom of page