ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਦਾ ਵੱਡਾ ਬਿਆਨ, ਕਿਹਾ-ਜੇਲ੍ਹਾਂ ’ਚ ਬੰਦ ਸਿੰਘਾਂ ਦੀ ਰਿਹਾਈ ਲਈ ਕੀਤੇ ਯਤਨ ਅਗਾਂਹ ਵੀ ਰਹਿਣਗੇ ਜਾਰੀ
- bhagattanya93
- Jun 10
- 1 min read
10/06/2025

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਕਿਹਾ ਹੈ ਕਿ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਨਿੱਜੀ ਤੌਰ ’ਤੇ ਯਤਨ ਕੀਤੇ ਹਨ ਤੇ ਅਗਾਂਹ ਵੀ ਕਰਦੇ ਰਹਿਣਗੇ।

ਸੋਮਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਕਈ ਪਰਿਵਾਰਾਂ ਨੇ ਇਸ ਮਾਮਲੇ (ਬੰਦੀ ਸਿੰਘਾਂ ਦੀ ਰਿਹਾਈ) ’ਚ ਉਨ੍ਹਾਂ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਈ ਗੁਰਦੀਪ ਸਿੰਘ ਖਹਿਰਾ ਦੀ ਰਿਹਾਈ ਲਈ ਕੀਤੇ ਯਤਨਾਂ ਦਾ ਨਤੀਜਾ ਹੈ ਉਨ੍ਹਾਂ ਨੂੰ ਪੈਰੋਲ ਮਿਲ ਰਹੀ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਅਗਾਂਹ ਵੀ ਇਸ ਤਰ੍ਹਾਂ ਦੇ ਯਤਨ ਜਾਰੀ ਰਹਿਣਗੇ ਤੇ ਮਨੁੱਖੀ ਅਧਿਕਾਰਾਂ ਤਹਿਤ ਬੰਦੀ ਸਿੰਘ ਜ਼ਰੂਰ ਰਿਹਾਅ ਹੋਣਗੇ।
ਦੱਸਣਯੋਗ ਹੈ ਕਿ ਭਾਈ ਗੁਰਦੀਪ ਸਿੰਘ ਖਹਿਰਾ ਤੇ ਅੰਮ੍ਰਿਤਪਾਲ ਸਿੰਘ ਦੋਵੇਂ ਹੀ ਪਿੰਡ ਜੱਲੂਪੁਰ ਖੇੜਾ ਦੇ ਵਾਸੀ ਹਨ, ਜੋ ਹਲਕਾ ਬਾਬਾ ਬਕਾਲਾ ਸਾਹਿਬ ਨੇੜੇ ਬਿਆਸ ’ਚ ਪੈਂਦਾ ਹੈ। ਬੀਤੇ ਦਿਨੀਂ ਇਸ ਗੱਲ ਦੀ ਕਾਫੀ ਚਰਚਾ ਰਹੀ ਸੀ ਕਿ ਖ਼ਾਲਿਸਤਾਨ ਸਮਰਥਕ ਐੱਮਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨਾਲ ਮੁਲਾਕਾਤ ਕੀਤੀ ਹੈ।
ਇਸ ਤੋਂ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋ ਸਵੇਰੇ ਗਰੀਨ ਐਵੀਨਿਊ ਨੇੜੇ ਰਣਜੀਤ ਐਵਨਿਊ ਵਿਖੇ ਕਿਸੇ ਸਤਿਸੰਗੀ ਦੇ ਘਰ ਪੁੱਜੇ। ਇੱਥੋਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਏ। ਇੱਥੇ ਦਰਬਾਰ ਸਾਹਿਬ ’ਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਕਰੀਬ ਸੱਤ ਮਿੰਟ ਤੱਕ ਅੰਦਰ ਬੈਠ ਕੇ ਕੀਰਤਨ ਵੀ ਸਰਵਣ ਕੀਤਾ। ਇਸ ਤੋਂ ਬਾਅਦ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਨਤਮਸਤਕ ਹੋਏ। ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਉਹ ਰਾਮ ਤੀਰਥ ਰੋਡ ਸਥਿਤ ਡੇਰਾ ਬਿਆਸ ਦੇ ਸੈਂਟਰ ਗਏ।





Comments