ਡੱਲੇਵਾਲ਼ਾ ’ਚ ਨਹੀਂ ਮਨਾਇਆ ਗਿਆ ਲੋਹੜੀ ਦਾ ਤਿਉਹਾਰ, ਕਿਸਾਨੀ ਸੰਘਰਸ਼ ਦੇ ਹੱਕ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਕੀਤੀ ਨਾਅਰੇਬਾਜੀ
- Ludhiana Plus
- Jan 14
- 2 min read
14/01/2025

ਜਗਜੀਤ ਸਿੰਘ ਡੱਲੇਵਾਲ਼ ਦੇ ਜੱਦੀ ਪਿੰਡ ਡੱਲੇਵਾਲ਼ਾ ਵਿਖੇ ਲੋਹੜੀ ਦਾ ਤਿਉਹਾਰ ਨਹੀਂ ਮਨਾਇਆ ਗਿਆ। ਖਨੌਰੀ ਬਾਰਡਰ ਤੋਂ ਵਾਪਸ ਆਏ ਨੌਜਵਾਨਾਂ ਦੇ ਜੱਥੇ ਨੇ ਕੇਂਦਰ ਸਰਕਾਰ ਖਿਲਾਫ ਤਿੱਖੀ ਨਾਅਰੇਬਾਜੀ ਕੀਤੀ ਹੈ। ਇਹ ਨਾਅਰੇ ਲਗਭਗ 20 ਮਿੰਟ ਚੱਲਦੇ ਰਹੇ। ਅਖੀਰ ਵਿੱਚ ਉਨ੍ਹਾਂ ਨੇ ਜਗਜੀਤ ਸਿੰਘ ਡੱਲੇਵਾਲ਼ ਜਿੰਦਾਬਾਦ ਅਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਾਉਣ ਉਪਰੰਤ ‘ਪੰਜਾਬੀ ਜਾਗਰਣ’ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿੰਡ-ਪਿੰਡ ਜਾ ਕੇ ਖਨੌਰੀ ਬਾਰਡਰ ’ਤੇ ਵੱਧ ਤੋਂ ਵੱਧ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕਰਨ ਲਈ ਆਏ ਹਨ। ਉਨ੍ਹਾਂ ਦੱਸਿਆ ਕਿ ਨਗਰ ਵਿੱਚੋਂ ਦੋ ਜੀਪਾਂ ਸਪੈਸ਼ਲ ਅਨਾਊਂਸਮੈਂਟ ਕਰਨ ਲਈ ਲੱਗੀਆਂ ਹੋਈਆਂ ਹਨ ਅਤੇ ਉਹ ਆਪਣੇ ਵਹੀਕਲਾਂ, ਕਾਰਾਂ, ਮੋਟਰਸਾਈਕਲਾਂ ’ਤੇ ਜਾ ਕੇ ਹਰੇਕ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਅਨਾਊਂਸਮੈਂਟ ਕਰਾਉਂਦੇ ਹਨ, ਸੰਗਤ ਨੂੰ ਇਕੱਤਰ ਕਰਦੇ ਹਨ ਅਤੇ ਬੇਨਤੀ ਕਰਦੇ ਹਨ ਕਿ ਖਨੌਰੀ ਬਾਰਡਰ ’ਤੇ ਵੱਧ ਤੋਂ ਵੱਧ ਮਾਈਆਂ, ਬੀਬੀਆਂ, ਬਜ਼ੁਰਗ ਅਤੇ ਨੌਜਵਾਨ ਪਹੁੰਚਣ। ਗੁਰਪ੍ਰੀਤ ਸਿੰਘ ਅਤੇ ਸਰਪੰਚ ਗੁਰਮੀਤ ਕੌਰ ਦੇ ਪੁੱਤਰ ਸਿਮਰਜੀਤ ਸਿੰਘ ਨੇ ਦੱਸਿਆ ਕਿ 26 ਜਨਵਰੀ ਨੂੰ ਜੋ ਕਿਸਾਨ ਯੂਨੀਅਨ ਵੱਲੋਂ ਟਰੈਕਟਰ ਮਾਰਚ ਦੀ ਕਾਲ ਦਿੱਤੀ ਗਈ ਹੈ ਉਸ ਵਿੱਚ ਜਿਹੜੇ ਕਿਸਾਨ ਦੇ ਘਰ ਜਿੰਨੇ ਟਰੈਕਟਰ ਹਨ ਉਹ ਸਾਰੇ ਮਾਰਚ ਵਿੱਚ ਲੈ ਕੇ ਪਹੁੰਚਣ। ਉਨ੍ਹਾਂ ਕਿਸਾਨਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਡੱਲੇਵਾਲ਼ ਸਾਹਿਬ ਵੱਲੋਂ ਸਾਰੇ ਸਤਿਕਾਰਯੋਗ ਕਿਸਾਨਾਂ ਨੂੰ ਸਪੈਸ਼ਲ ਬੇਨਤੀ ਦੇ ਰੂਪ ਵਿੱਚ ਸੁਨੇਹਾ ਲਗਾਇਆ ਗਿਆ ਹੈ ਕਿ ਸਾਰੇ ਕਿਸਾਨ ਭਰਾ ਆਪੋ-ਆਪਣੇ ਟਰੈਕਟਰਾਂ ਦੀਆਂ ਤੇਲ ਟੈਂਕੀਆਂ 24 ਜਾਂ 25 ਤਰੀਕ ਨੂੰ ਹੀ ਫੁੱਲ ਕਰਾ ਲੈਣ ਤਾਂ ਕਿ ਸਰਕਾਰ ਕੋਈ ਹੋਰ ਘਟੀਆ ਚਾਲ ਚੱਲ ਕੇ 26 ਤਰੀਕ ਨੂੰ ਪੈਟ੍ਰੋਲ ਪੰਪ ਬੰਦ ਨਾ ਕਰਾ ਦੇਵੇ। ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਡੱਲੇਵਾਲ਼ ਸਾਹਿਬ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਇਹ ਸਨੇਹਾ ਭੇਜਿਆ ਗਿਆ ਹੈ। ਦਰਸ਼ਨ ਸਿੰਘ ਅਤੇ ਪਵਿੱਤਰ ਸਿੰਘ ਨੇ ਦੱਸਿਆ ਕਿ ਟਰੈਕਟਰ ਮਾਰਚ ਕਿਹੜੇ ਪਾਸੇ ਨੂੰ ਕੱਢਣਾ ਹੈ ਇਹ ਸਮੁੱਚੀਆਂ ਜਥੇਬੰਦੀਆਂ ਵੱਲੋਂ ਮੌਕੇ ’ਤੇ ਦੱਸਿਆ ਜਾਵੇਗਾ ਪਰ ਕਿਸਾਨ ਆਪੋ-ਆਪਣੇ ਟਰੈਕਟਰ ਲੈ ਕੇ 26 ਜਨਵਰੀ ਨੂੰ ਸਵੇਰੇ ਮੇਨ ਰੋਡਾਂ ਦੇ ਕਿਨਾਰਿਆਂ ’ਤੇ ਲਾ ਲੈਣ। ਉਨ੍ਹਾਂ ਇਹ ਵੀ ਕਿਹਾ ਕਿ ਸਾਰੀਆਂ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਵਿੱਚ ਕਿਸਾਨਾਂ ਨੂੰ ਸ਼ਾਂਤੀਪੂਰਨ ਰਹਿ ਕੇ ਇਹ ਮਾਰਚ ਕੱਢਣ। ਬਲਕਰਨ ਸਿੰਘ ਅਤੇ ਗੁਰਭੇਜ ਸਿੰਘ ਨੇ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਮੋਰਚੇ ਅਤੇ ਜਗਜੀਤ ਸਿੰਘ ਡੱਲੇਵਾਲ਼ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੱਲ੍ਹ ਨੂੰ ਸਮੁੱਚੇ ਨਗਰ ਅਤੇ ਇਲਾਕੇ ਵੱਲੋਂ ਡੱਲੇਵਾਲ਼ਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋ ਕੇ ਮੋਰਚੇ ਅਤੇ ਡੱਲੇਵਾਲ਼ ਦੀ ਸਿਹਤਯਾਬੀ ਲਈ ਅਰਦਾਸ ਬੇਨਤੀ ਕਰਨ ਉਪਰੰਤ ਜੋ ਨੌਜਵਾਨ ਆਏ ਹਨ ਉਹ ਸੰਗਤਾਂ ਦੇ ਭਾਰੀ ਜੱਥੇ ਨਾਲ਼ ਖਨੌਰੀ ਬਾਰਡਰ ਲਈ ਰਵਾਨਾ ਹੋਣਗੇ। ਪੁੱਛੇ ਜਾਣ ’ਤੇ ਨਗਰ ਨਿਵਾਸੀ ਸੁਖਮੰਦਰ ਸਿੰਘ , ਦਲੀਪ ਸਿੰਘ, ਮੱਖਣ ਸਿੰਘ ਸਾਬਕਾ ਸਰਪੰਚ ਪੱਖੀ ਖੁਰਦ ਅਤੇ ਨੱਥਲਵਾਲ਼ਾ ਤੋਂ ਕਿਸਾਨ ਆਗੂ ਡਿਪਟੀ ਸਿੰਘ, ਬੂਟਾ ਸਿੰਘ, ਦਰਸ਼ਨ ਸਿੰਘ,ਬੋਹੜ ਸਿੰਘ, ਨਛੱਤਰ ਸਿੰਘ, ਗੁਰਦਿਆਲ ਸਿੰਘ ਆਦਿ ਨੇ ਕਿਹਾ ਕਿ ਜਿੱਥੇ ਡੱਲੇਵਾਲ਼ ਦੇ ਪਿੰਡ ਵਿੱਚ ਲੋਹੜੀ ਦਾ ਤਿਉਹਾਰ ਨਹੀਂ ਮਨਾਇਆ ਗਿਆ ਉੱਥੇ ਹੀ ਇਲਾਕੇ ਵਿੱਚ ਵੀ ਇਸਦਾ ਪੂਰਾ-ਪੂਰਾ ਅਸਰ ਹੈ। ਘਣੀਆਂ ਪੱਤੀ ਗੋਲੇਵਾਲ਼ਾ ਦੇ ਸਰਪੰਚ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਹ ਵੀ ਆਪਣੇ ਭਾਰੀ ਗਿਣਤੀ ਸਾਥੀਆਂ ਨਾਲ਼ ਖਨੌਰੀ ਬਾਰਡਰ ਤੋਂ ਆਏ ਹਨ ਅਤੇ ਹੁਣ ਪਿੰਡ ਦੇ ਹੋਰ ਵਾਸੀ ਭਾਰੀ ਗਿਣਤੀ ਵਿੱਚ ਖਨੌਰੀ ਬਾਰਡਰ ਪਹੁੰਚਣਗੇ। ਇਸ ਸਮੇਂ ਉਨ੍ਹਾਂ ਦੇ ਨਾਲ਼ ਇੰਦਰਜੀਤ ਸ਼ਰਮਾਂ, ਵਿਜੇ ਸ਼ਰਮਾਂ, ਚੰਦਨ ਅਰੋੜਾ, ਸਤਪਾਲ ਬਜਾਜ, ਬਲਜੀਤ ਸ਼ਰਮਾਂ, ਸਰਪੰਚ ਸਰਬਜੀਤ ਸਿੰਘ ਗੋਲੇਵਾਲ਼ਾ ਆਦਿ ਹਾਜ਼ਰ ਸਨ।





Comments