ਪਿਛਲੇ ਤਿੰਨ ਮਹੀਨਿਆਂ ਤੋਂ ਅੱਧੀ ਬਿਜਲੀ ਸਬਸਿਡੀ ਵੀ ਅਦਾ ਨਹੀਂ ਕਰ ਪਾ ਰਹੀ ਸਰਕਾਰ, ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ
- Ludhiana Plus
- Jan 25
- 2 min read
25/01/2025

ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਲਈ ਪਾਵਰਕਾਮ ਨੂੰ ਬਿਜਲੀ ਸਬਸਿਡੀ ਦੀ ਅਦਾਇਗੀ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਅਕਾਊਂਟੈਂਟ ਜਨਰਲ ਵੱਲੋਂ ਦਿੱਤੇ ਗਏ ਪਿਛਲੇ ਤਿੰਨ ਮਹੀਨਿਆਂ ਦੇ ਅਕਾਊੰਟਸ ਨੂੰ ਦੇਖਿਆ ਜਾਵੇ ਤਾਂ ਇਹ ਤੱਥ ਸਾਹਮਣੇ ਆਇਆ ਹੈ ਕਿ ਇਕ ਵਾਰ ਵੀ ਪੂਰੀ ਸਬਸਿਡੀ ਪਾਵਰਕਾਮ ਨੂੰ ਅਦਾ ਨਹੀਂ ਕੀਤੀ ਗਈ ਹੈ। ਸਬਸਿਡੀ ਦਾ ਪੈਸਾ ਨਾ ਮਿਲਣ ਨਾਲ ਪਾਵਰਕਾਮ ਨੂੰ ਵਿੱਤੀ ਸੰਕਟ ਵਧਣ ਲੱਗਾ ਹੈ ਤੇ ਉਸ ਦੇ ਲਈ ਕੋਲਾ ਖਰੀਦਣ ਦੇ ਨਾਲ ਹੀ ਕਰਮਚਾਰੀਆਂ ਨੂੰ ਤਨਖਾਹ ਦੇਣਾ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵੱਖ ਵੱਖ ਸੈਕਟਰਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ ਦੇ ਰੂਪ ਵਿਚ ਸਰਕਾਰ ਨੂੰ 22 ਹਜ਼ਾਰ ਕਰੋੜ ਰੁਪਏ ਦੇ ਲਗਪਗ ਦੇਣਾ ਪੈ ਰਿਹਾ ਹੈ। ਯਾਨੀ ਹਰ ਮਹੀਨੇ 1833 ਕਰੋੜ ਰੁਪਏ ਦੀ ਅਦਾਇਗੀ ਪਾਵਰਕਾਮ ਨੂੰ ਕਰਨੀ ਹੁੰਦੀ ਹੈ। ਪਰ ਜੇਕਰ ਚਾਰ ਮਹੀਨੇ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਸਤੰਬਰ ਮਹੀਨੇ ਵਿਚ 1131 ਕਰੋੜ, ਅਕਤੂਬਰ ਵਿਚ 624 ਕਰੋੜ ਰੁਪਏ, ਨਵੰਬਰ ਮਹੀਨੇ ਵਿਚ 727 ਕਰੋੜ ਤੇ ਦਸੰਬਰ ਮਹੀਨੇ ਵਿਚ 1345 ਕਰੋੜ ਰੁਪਏ ਦੀ ਅਦਾਇਗੀ ਕੀਤੀ ਹੈ। ਹੁਣ ਤੱਕ ਨੌ ਮਹੀਨਿਆਂ ਦੀ ਸਬਸਿਡੀ ਦੇ ਰੂਪ ਵਿਚ ਸਿਰਫ 13938 ਕਰੋੜ ਰੁਪਏ ਹੀ ਦਿੱਤੇ ਹਨ ਜਦਕਿ ਪਿਛਲੇ ਸਾਲ ਇਸੇ ਸਮੇਂ ਤੱਕ 16138 ਕਰੋੜ ਰੁਪਏ ਦੀ ਸਬਸਿਡੀ ਪਾਵਰਕਾਮ ਨੂੰ ਦਿੱਤੀ ਜਾ ਚੁੱਕੀ ਸੀ।
ਦਰਅਸਲ ਬਿਜਲੀ ਸਬਸਿਡੀ ਦੀ ਅਦਾਇਗੀ ਨਹੀਂ ਕਰ ਸਕਣ ਦਾ ਇਕ ਵੱਡਾ ਕਾਰਨ ਸਰਕਾਰ ਦੀ ਆਮਦਨ ਨਾ ਵਧਣਾ ਹੈ। ਮੌਜੂਦਾ ਬਜਟ ਵਿਚ ਸਰਕਾਰ ਨੇ 1 ਲੱਖ ਤਿੰਨ ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਆਮਦਨੀ ਦਾ ਟੀਚਾ ਰੱਖਿਆ ਗਿਆ ਸੀ ਜਦਕਿ ਅਜੇ ਤੱਕ 63 ਹਜ਼ਾਰ ਕਰੋੜ ਦਾ ਟੀਚਾ ਹੀ ਪੂਰਾ ਹੋ ਸਕਿਆ ਹੈ। ਆਮਦਨੀ ਦਾ ਇਕ ਵੱਡਾ ਹਿੱਸਾ ਬਿਜਲੀ ਸਬਸਿਡੀ, ਕਰਜ਼ ਦੇ ਵਿਆਜ ਵਿਚ ਜਾਣ ਦੇ ਕਾਰਨ ਵਿੱਤੀ ਸਥਿਤੀ ਬਦ ਤੋਂ ਬਦਤਰ ਹੋ ਰਹੀ ਹੈ। ਹਾਲਾਂਕ ਆਮਦਨੀ ਵਿਚ ਜੀਐੱਸਟੀ ਦੀ ਗ੍ਰੋਥ ਜ਼ਰੂਰ ਨਜ਼ਰ ਆ ਰਹੀ ਹੈ ਪਰ ਸਰਕਾਰ ਨੇ ਆਪਣੇ ਬਜਟ ਵਿਚ 25750 ਕਰੋੜ ਦਾ ਜੋ ਟੀਚਾ ਰੱਖਿਆ ਸੀ ਉਹ ਪੂਰਾ ਹੋਣ ਦੀ ਸੰਭਾਵਨਾ ਕਾਫੀ ਘੱਟ ਹੈ। ਅਜੇ ਤੱਕ 17318 ਕਰੋੜ ਰੁਪਏ ਹੀ ਹੋਏ ਹਨ। ਜਨਵਰੀ, ਫਰਵਰੀ ਤੇ ਮਾਰਚ ਮਹੀਨੇ ਵਿਚ ਕੋਈ ਨਵੀਂ ਫਸਲ ਨਾ ਆਉਣ ਤੇ ਕੋਈ ਤਿਉਹਾਰੀ ਸੀਜ਼ਨ ਨਾ ਹੋਣ ਦੇ ਕਾਰਨ ਇਸ ਸੈਕਟਰ ਵਿਚ ਜ਼ਿਆਦਾ ਵਾਧੇ ਦੀ ਸੰਭਾਵਨਾ ਨਹੀਂ ਹੈ। ਸਟਾਂਪ ਡਿਊਟੀ ਤੇ ਰਜਿਸਟ੍ਰੇਸ਼ਨ ਟੀਚਾ ਸਰਕਾਰ ਨੇ 5750 ਕਰੋੜ ਰੁਪਏ ਰੱਖਿਆ ਸੀ ਜੋ ਨਿਰਧਾਰਿਤ ਟੀਚਾ ਦੇ ਕਰੀਬ ਹੈ। ਇਸ ਸਮੇਂ ਇਸ ਵਿਚ 4172 ਕਰੋੜ ਰੁਪਏ ਇਕੱਤਰ ਹੋ ਗਏ ਹਨ ਜੋ ਨਿਰਧਾਰਿਤ ਟੀਚੇ ਦਾ 72 ਫੀਸਦੀ ਹੈ। ਸੂਬੇ ਦੀ ਆਪਣੀ ਆਮਦਨੀ ਦੇ ਸ੍ਰੋਤ ਵਿਚ ਰਾਜ ਆਬਕਾਰੀ ਵੀ ਸ਼ਾਮਲ ਹੈ। ਇਹ 10350 ਕਰੋੜ ਰੁਪਏ ਨਿਰਧਾਰਿਤ ਕੀਤੀ ਗਈ ਸੀ ਤੇ ਇਸ ਸਮੇਂ ਤੱਕ ਰਾਜ ਦੇ ਖਜ਼ਾਨੇ ਵਿਚ 7695 ਕਰੋੜ ਰੁਪਏ ਦੇ ਲਗਪਗ ਜਮ੍ਹਾਂ ਹੋ ਚੁੱਕੇ ਹਨ। ਆਉਣ ਵਾਲੇ ਤਿੰਨ ਮਹੀਨਿਆਂ ਵਿਚ ਇਸ ਟੀਚੇ ਨੂੰ ਹਾਸਿਲ ਕਰ ਲਿਆ ਜਾਵੇਗਾ।





Comments