google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਵਿਧਾਇਕ ਦੇ ਪੁੱਤ, ਨੂੰਹ ਤੇ ਈਓ ਸਣੇ ਪੰਜ ਖਿਲਾਫ਼ ਕੇਸ ਕੀਤ ਦਰਜ, ਅਫਸਰ ਸਮੇਤ ਪ੍ਰਾਈਵੇਟ ਫਰਮ ਮਾਲਕ ਗ੍ਰਿਫ਼ਤਾਰ

  • bhagattanya93
  • May 3
  • 3 min read

03/05/2025

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਤਰਨਤਾਰਨ ਦੇ ਸਾਬਕਾ ਵਿਧਾਇਕ ਦੇ ਪੁੱਤਰ ਅਤੇ ਨੂੰਹ ਸਮੇਤ ਨਗਰ ਕੌਂਸਲ ਤਰਨਤਾਰਨ ਦੇ ਕਾਰਜ ਸਾਧਕ ਅਫਸਰ (ਈਓ), ਕਲਰਕ ਅਤੇ ਪ੍ਰਾਈਵੇਟ ਫਰਮ ਦੇ ਮਾਲਕ ਵਿਰੁੱਧ ਕੌਂਸਲ ਦੇ ਫੰਡਾਂ ਵਿਚ ਵੱਡੀ ਹੇਰਾ ਫੇਰੀ ਕਰਨ ਦੇ ਦੋਸ਼ ਹੇਠ ਮੁਕੱਦਮਾਂ ਦਰਜ ਕੀਤਾ ਹੈ। ਜਦੋਂਕਿ ਈਓ, ਕਲਰਕ ਅਤੇ ਫਰਮ ਦੇ ਮਾਲਕ ਨੂੰ ਬਕਾਇਦਾ ਗ੍ਰਿਫ਼ਤਾਰ ਵੀ ਕਰ ਲਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕੀਤੀ ਗਈ ਚੈਕਿੰਗ ਦੇ ਅਧਾਰ ’ਤੇ ਕੀਤੀ ਗਈ ਵਿਜੀਲੈਂਸ ਜਾਂਚ ਦੇ ਆਧਾਰ ’ਤੇ ਕੀਤੀ ਗਈ ਹੈ। ਵਿਭਾਗ ਨੇ ਇਸ ਕੇਸ ਨੂੰ ਅਗਲੇਰੀ ਜਾਂਚ ਲਈ ਵਿਜੀਲੈਂਸ ਬਿਊਰੋ ਨੂੰ ਸੌਂਪਿਆ ਸੀ ਅਤੇ ਜਾਂਚ ਦੇ ਆਧਾਰ ’ਤੇ, ਉਕਤ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਦੇ ਨਾਲ ਨਾਲ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਇਹ ਕੇਸ ਦਰਜ ਕੀਤਾ ਗਿਆ ਹੈ।


ਬੁਲਾਰੇ ਨੇ ਦੱਸਿਆ ਕਿ ਇਸ ਕੇਸ ਦੇ ਮੁਲਜ਼ਮਾਂ ਵਿਚ ਤਰਨਤਾਰਨ ਨਗਰ ਕੌਂਸਲ ਦੀ ਕਾਰਜ ਸਾਧਕ ਅਫਸਰ ਰਹੀ ਸ਼ਰਨਜੀਤ ਕੌਰ ਜੋ ਇਸ ਵੇਲੇ ਮੁਅੱਤਲ ਹੈ ਤੋਂ ਇਲਾਵਾ ਨਗਰ ਕੌਂਸਲ ਤਰਨਤਾਰਨ ਦੇ ਕਲਰਕ ਨਰਿੰਦਰ ਕੁਮਾਰ, ਸਾਬਕਾ ਵਿਧਾਇਕ ਧਰਮਬੀਰ ਅਗਨੀਹੋਤਰੀ ਦੇ ਪੁੱਤਰ ਸੰਦੀਪ ਕੁਮਾਰ ਅਗਨੀਹੋਤਰੀ ਅਤੇ ਉਨ੍ਹਾਂ ਦੀ ਨੂੰਹ ਜੋਤੀ ਸਚਦੇਵਾ ਜੋ ਕਿ ਮੈਸਰਜ਼ ਐੱਮਕੇ ਪਦਮ ਪੈਟਰੋਲੀਅਮ ਦੀ ਮਾਲਕ ਹੈ ਅਤੇ ਨਿਊ ਪਵਨ ਨਗਰ ਅੰਮ੍ਰਿਤਸਰ ਦਾ ਰਹਿਣ ਵਾਲਾ ਰਾਜੀਵ ਗੁਪਤਾ ਜੋ ਮੈਸਰਜ਼ ਸ਼ਾਰਪ ਫੋਕਸ ਵਿਜ਼ਨ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਐੱਸਆਰ ਐਂਟਰਪ੍ਰਾਈਜ਼ਿਜ਼ ਲਿਮਟਿਡ ਦਾ ਸ਼ੇਅਰਧਾਰਕ ਹੈ, ਸ਼ਾਮਿਲ ਹਨ। ਇਸ ਕੇਸ ਵਿਚ, ਸ਼ਰਨਜੀਤ ਕੌਰ ਈਓ ਅਤੇ ਨਰਿੰਦਰ ਕੁਮਾਰ ਕਲਰਕ ਅਤੇ ਪ੍ਰਾਈਵੇਟ ਫਰਮ ਦੇ ਮਾਲਕ ਰਾਜੀਵ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


ਬੁਲਾਰੇ ਨੇ ਖੁਲਾਸਾ ਕੀਤਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਕਾਰਜਕਾਰੀ ਅਧਿਕਾਰੀ ਦੁਆਰਾ 2017-2022 ਦੇ ਸਾਲਾਂ ਦੌਰਾਨ ਧੋਖਾਧੜੀ ਵਾਲੇ ਲੈਣ ਦੇਣ ਕੀਤੇ ਗਏ ਸਨ। ਉਸਨੇ ਮੈਸਰਜ਼ ਸਿੱਧੂ ਕੰਸਟਰਕਸ਼ਨ ਕੰਪਨੀ, ਮੈਸਰਜ਼ ਬ੍ਰਦਰ ਕੰਸਟਰਕਸ਼ਨ ਕੰਪਨੀ ਅਤੇ ਮੈਸਰਜ਼ ਫਰੈਂਡਜ਼ ਐਸੋਸੀਏਸ਼ਨ ਨੂੰ ਵੱਖ ਵੱਖ ਚੈੱਕਾਂ ਰਾਹੀਂ ਗਲਤ ਭੁਗਤਾਨ ਕੀਤੇ ਸੀ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਧਰਮਵੀਰ ਅਗਨੀਹੋਤਰੀ ਦੇ ਪੁੱਤਰ ਸੰਦੀਪ ਕੁਮਾਰ ਅਗਨੀਹੋਤਰੀ ਨਾਲ ਮਿਲੀਭੁਗਤ ਕਰਕੇ ਈਓ ਨੇ ਉਨ੍ਹਾਂ ਦੀ ਕੰਪਨੀਆਂ ਮੈਸਰਜ਼ ਸ਼ਾਰਪ ਫੋਕਸ ਵਿਜ਼ਨ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਐੱਸਆਰ ਐਂਟਰਪ੍ਰਾਈਜ਼ਿਜ਼ ਨੂੰ ਵੀ ਜਾਅਲੀ ਭੁਗਤਾਨ ਕੀਤੇ ਸਨ। ਬੁਲਾਰੇ ਨੇ ਅੱਗੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਉਕਤ ਜਾਅਲੀ ਅਦਾਇਗੀਆਂ ਦੀ ਰਿਕਵਰੀ ਤਾਂ ਹੋ ਗਈ, ਪਰ 27 ਲੱਖ 88 ਹਜਾਰ ਰੁਪਏ ਦੀ ਰਕਮ ਅਜੇ ਵੀ ਬਕਾਇਆ ਹੈ। ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਸੰਦੀਪ ਕੁਮਾਰ ਅਗਨੀਹੋਤਰੀ ਨੂੰ ਆਪਣੀ ਪਤਨੀ ਜੋਤੀ ਸੱਚਦੇਵਾ ਦੀ ਮਾਲਕੀ ਵਾਲੇ ਮੈਸਰਜ਼ ਐੱਮਕੇ ਪਦਮ ਪੈਟਰੋਲੀਅਮ ਦੇ ਨਾਂ ’ਤੇ ਜਾਰੀ ਕੀਤੇ 4 ਕਰੋੜ 41 ਲੱਖ 3 ਹਜਾਰ 86 ਰੁਪਏ ਦੇ ਜਾਅਲੀ ਭੁਗਤਾਨ ਵੀ ਪ੍ਰਾਪਤ ਕੀਤੇ ਸਨ। ਬਾਅਦ ਵਿਚ ਸੰਦੀਪ ਅਗਨੀਹੋਤਰੀ ਨੇ ਇਸ ਜਾਅਲੀ ਅਦਾਇਗੀ ਦਾ ਕੁਝ ਹਿੱਸਾ ਨਗਰ ਕੌਂਸਲ ਤਰਨਤਾਰਨ ਦੇ ਖਾਤਿਆਂ ਵਿਚ ਵਾਪਸ ਜਮ੍ਹਾਂ ਕਰਵਾ ਦਿੱਤਾ। ਪਰ 35 ਲੱਖ 45 ਹਜਾਰ 404 ਰੁਪਏ ਅਜੇ ਵੀ ਬਕਾਇਆ ਹਨ। ਬਕਾਇਆ ਬਿੱਲਾਂ ਦੇ ਅਧੂਰੀ ਅਦਾਇਗੀ ਤੋਂ ਬਾਅਦ ਮੈਸਰਜ਼ ਐੱਮਕੇ ਪਦਮ ਪੈਟਰੋਲੀਅਮ ਵੱਲ ਕੁੱਲ 1 ਕਰੋੜ 5 ਲੱਖ 30 ਹਜਾਰ 628 ਰੁਪਏ ਦੀ ਬਕਾਇਆ ਰਕਮ ਪਾਈ ਗਈ। ਇਸ ਤੋਂ ਇਲਾਵਾ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਪੰਜਾਬ ਵੱਲੋਂ ਮੁਹੱਈਆ ਕਰਵਾਈ ਗਈ ਵਿਭਾਗੀ ਨਿਰੀਖਣ ਰਿਪੋਰਟ ਅਨੁਸਾਰ ਈਓ ਸ਼ਰਨਜੀਤ ਕੌਰ ਨੇ ਕਲਰਕ ਰਾਜੀਵ ਕੁਮਾਰ ਜਿਸਦੀ ਮੌਤ ਹੋ ਚੁੱਕੀ ਹੈ, ਉਸਦੇ ਦਫ਼ਤਰ ਵਿਖੇ ਤਾਇਨਾਤ ਸੀ ਅਤੇ ਕਲਰਕ ਨਰਿੰਦਰ ਕੁਮਾਰ ਨੂੰ ਬਿਨਾਂ ਕਿਸੇ ਬਿੱਲ ਜਾਂ ਵਰਕ ਆਰਡਰ ਦੇ ਭੁਗਤਾਨ ਜਾਰੀ ਕੀਤੇ ਸਨ। ਇਸ ਤੋਂ ਇਲਾਵਾ ਇਹ ਵੀ ਪਾਇਆ ਗਿਆ ਕਿ 14 ਲੱਖ 61 ਹਜਾਰ 980 ਰੁਪਏ, 3 ਲੱਖ 25 ਹਜਾਰ ਰੁਪਏ ਅਤੇ 2 ਲੱਖ 9 ਹਜਾਰ 400 ਰੁਪਏ ਦੀ ਅਦਾਇਗੀ ਬਿਨਾਂ ਕਿਸੇ ਟੈਂਡਰ ਜਾਂ ਕੋਟੇਸ਼ਨ ਦੇ ਵੱਖ ਵੱਖ ਫਰਮਾਂ ਨੂੰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕੇਸ ਜਾਂਚ ਅਧੀਨ ਹੈ ਅਤੇ ਜਾਅਲੀ ਭੁਗਤਾਨ ਪ੍ਰਾਪਤ ਕਰਨ ਵਾਲੇ ਨਿੱਜੀ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਦੌਰਾਨ ਪੁਸ਼ਟੀ ਕੀਤੀ ਜਾਵੇਗੀ। ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਸ਼ਨਿੱਚਰਵਾਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗ


ਤਿੰਨ ਸਾਲ ਪਹਿਲਾਂ ਵਿਧਾਇਕ ਨੇ ਚੁੱਕਿਆ ਸੀ ਨਗਰ ਕੌਂਸਲ ’ਚ ਫਰਜੀਵਾੜੇ ਦਾ ਮਾਮਲਾ

ਪੰਜਾਬ ਵਿਚ ਆਪ ਦੀ ਸਰਕਾਰ ਬਣਦਿਆਂ ਹੀ ਤਰਨਤਾਰਨ ਨਗਰ ਕੌਂਸਲ ਵਿਚ ਕਾਂਗਰ ਸਰਕਾਰ ਵੇਲੇ ਹੋਏ ਫਰਜੀਵਾੜੇ ਨੂੰ ਲੈ ਕੇ ਵੱਡੀ ਚਰਚਾ ਉੱਠੀ ਸੀ ਅਤੇ ਆਪ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਕਰੋੜਾਂ ਦੇ ਘਪਲੇ ਦੀ ਖਦਸ਼ਾ ਪ੍ਰਗਟ ਕੀਤਾ। ਹਾਲਾਂਕਿ ਸੱਤਾ ਬਦਲਣ ਉਪਰੰਤ ਕਾਂਗਰਸੀ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਪੁੱਤਰ ਸੰਦੀਪ ਅਗਨੀਹੋਤਰੀ ਨੇ ਕਰੋੜਾਂ ਰੁਪਏ ਨਗਰ ਕੌਂਸਲ ਦੇ ਖਾਤੇ ਵਿਚ ਵੀ ਜਮ੍ਹਾਂ ਕਰਵਾ ਦਿੱਤੇ। ਉਸ ਵੇਲੇ ਚੱਲੀ ਜਾਂਚ ਤੋਂ ਬਾਅਦ ਤੱਤਕਾਲੀ ਈਓ ਸ਼ਰਨਜੀਤ ਕੌਰ, ਕਲਰਕ ਨਰਿੰਦਰ ਕੁਮਾਰ, ਰਾਜੀਵ ਕੁਮਾਰ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਸੀ। ਤਿੰਨ ਸਾਲ ਦੇ ਅਰਸੇ ਤੋਂ ਬਾਅਦ ਵਿਜੀਲੈਂਸ ਬਿਉਰੋ ਨੇ ਇਸ ਮਾਮਲੇ ਵਿਚ ਐੱਫਆਈਆਰ ਦਰਜ ਕੀਤੀ ਹੈ। ਹਾਲਾਂਕਿ ਕੇਸ ਵਿਚ ਸ਼ਾਮਲ ਸੰਦੀਪ ਅਗਨੀਹੋਤਰੀ ਅਤੇ ਉਨ੍ਹਾਂ ਦੀ ਪਤਨੀ ਜੋਤੀ ਸੱਚਦੇਵਾ ਇਸ ਵੇਲੇ ਵਿਦੇਸ਼ ’ਚ ਦੱਸੇ ਜਾ ਰਹੇ ਹਨ।


Comments


Logo-LudhianaPlusColorChange_edited.png
bottom of page