ਪਿਤਾ ਸਣੇ ਪਾਣੀ ਵਾਲੀ ਟੈਂਕੀ ’ਤੇ ਚੜ੍ਹੀ ਪੀੜਤ ਲੜਕੀ, ਮਾਮਲਾ ਵਿਦੇਸ਼ ਭੇਜਣ ਦੇ ਨਾਂ ’ਤੇ ਹੋਈ ਲੱਖਾਂ ਦੀ ਠੱਗੀ ਦਾ
- Dec 10, 2024
- 2 min read
10/12/2024

ਬਰਨਾਲਾ ਜ਼ਿਲ੍ਹ ਦੇ ਪਿੰਡ ਰੂੜੇਕੇ ਕਲਾਂ ਦੀ ਰਹਿਣ ਵਾਲੀ ਇੱਕ ਲੜਕੀ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ 10 ਲੱਖ ਰੁਪਏ ਦੀ ਠੱਗੀ ਮਾਰੇ ਜਾਣ ਤੋਂ ਬਾਅਦ ਕਾਰਵਾਈ ਦੀ ਮੰਗ ਨੂੰ ਲੈਕੇ ਪੀੜਤ ਲੜਕੀ ਵਲੋਂ ਆਪਣੇ ਪਿਤਾ ਸਮੇਤ ਪਾਣੀ ਵਾਲੀ ਟੈਂਕੀ ’ਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਲੜਕੀ ਜਸਪ੍ਰੀਤ ਕੌਰ ਆਸਟ੍ਰੇਲੀਆ ਜਾਣਾ ਚਾਹੁੰਦੀ ਸੀ ਜਿਸ ਦਾ ਸੰਪਰਕ ਪਿੰਡ ਦੇ ਹੀ ਜਗਤਾਰ ਸਿੰਘ ਨਾਲ ਹੋਇਆ ਜਿਸ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 2021 ’ਚ ਉਸ ਪਾਸੋਂ 10 ਲੱਖ ਰੁਪਏ ਲੈ ਲਏ। ਜੋ ਪਰਿਵਾਰ ਨੇ ਆਪਣੀ ਲੜਕੀ ਨੂੰ ਵਿਦੇਸ਼ ਭੇਜਣ ਦੇ ਲਈ ਪਾਲਤੂ ਪਸ਼ੂ, ਸੋਨਾ ਵੇਚ ਕੇ ਤੇ ਕਰਜ਼ਾ ਲੈ ਕੇ ਜਗਤਾਰ ਸਿੰਘ ਨੂੰ ਦਿੱਤੇ ਸਨ ਪਰ ਕੁਝ ਸਮੇਂ ਬਾਅਦ ਜਗਤਾਰ ਸਿੰਘ ਨੇ 12 ਲੱਖ ਰੁਪਏ ਦੀ ਹੋਰ ਮੰਗ ਕੀਤੀ।
ਜਸਪ੍ਰੀਤ ਕੌਰ ਦੇ ਪਰਿਵਾਰ ਕੋਲ ਹੋਰ ਪੈਸੇ ਨਾ ਹੋਣ ਕਰਕੇ ਦੁਬਾਰਾ 12 ਲੱਖ ਰੁਪਏ ਨਾ ਦਿੱਤੇ ਜਾ ਸਕੇ ਤੇ ਪਰਿਵਾਰ ਨੇ ਪਹਿਲਾਂ ਦਿੱਤੇ 10 ਲੱਖ ਰੁਪਏ ਵੀ ਵਾਪਸ ਮੰਗੇ ਜਿਸ ਤੋਂ ਬਾਅਦ ਜਗਤਾਰ ਸਿੰਘ ਟਾਲ-ਮਟੋਲ ਕਰਦਾ ਰਿਹਾ ਤੇ ਇਸੇ ਟਾਲ ਮਟੋਲ ’ਚ ਲਗਪਗ ਤਿੰਨ ਸਾਲ ਦਾ ਸਮਾਂ ਲੰਘ ਗਿਆ। ਇਸ ਦੌਰਾਨ ਜਸਪ੍ਰੀਤ ਕੌਰ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਗਈ।
ਜਿਸ ਦੀ ਪੜਤਾਲ ਡੀਐੱਸਪੀ ਤਪਾ ਨੇ ਕੀਤੀ। ਜਿੱਥੇ ਜਗਤਾਰ ਸਿੰਘ ਨੇ ਇੱਕ ਸਾਲ ਦੇ ਅੰਦਰ-ਅੰਦਰ ਸਾਰੇ ਪੈਸੇ ਵਾਪਸ ਕਰਨ ਦੀ ਗੱਲ ਮੰਨੀ, ਪਰ ਪੈਸੇ ਵਾਪਸ ਨਹੀਂ ਕੀਤੇ। ਜਸਪ੍ਰੀਤ ਕੌਰ ਨੇ ਦੱਸਿਆ ਕਿ ਇੱਕ ਸਾਲ ਦਾ ਸਮਾਂ ਪਿਛਲੇ ਮਹੀਨੇ ਦੀ 15 ਤਰੀਕ ਨੂੰ ਪੂਰਾ ਹੋ ਚੁੱਕਿਆ, ਪਰ ਉਸ ਨੇ ਸਾਨੂੰ ਕੋਈ ਪੈਸਾ ਵਾਪਸ ਨਹੀਂ ਕੀਤਾ।
ਜਗਤਾਰ ਸਿੰਘ ਵੱਲੋਂ ਪੈਸੇ ਵਾਪਸ ਨਾ ਕੀਤੇ ਜਾਣ ਤੇ ਪ੍ਰਸ਼ਾਸਨ ਦੀ ਬੇਰੁਖੀ ਤੋਂ ਅੱਕੇ ਟੈਂਕੀ 'ਤੇ ਚੜ੍ਹੇ ਪਿਓ ਧੀ ਨੇ ਕਿਹਾ ਕਿ ਉਹ ਉਦੋਂ ਤੱਕ ਟੈਂਕੀ ਤੋਂ ਹੇਠਾਂ ਨਹੀਂ ਉਤਰਨਗੇ, ਜਦ ਤੱਕ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਮਿਲਦੇ। ਖ਼ਬਰ ਲਿਖੇ ਜਾਣ ਤੱਕ ਥਾਣਾ ਰੂੜੇਕੇ ਕਲਾਂ ਦੇ ਐੱਸਐੱਚਓ ਸ਼ਰੀਫ ਖਾਨ ਤੇ ਪਤਵੰਤੇ ਸੱਜਣ ਮਾਮਲੇ ਨੂੰ ਸੁਲਝਾਉਣ ’ਚ ਲੱਗੇ ਹੋਏ ਸਨ ਤੇ ਦੋਵੇਂ ਪਿਓ ਧੀ ਅਜੇ ਟੈਂਕੀ ਉੱਪਰ ਹੀ ਬੈਠੇ ਹਨ।





Comments