google-site-verification=ILda1dC6H-W6AIvmbNGGfu4HX55pqigU6f5bwsHOTeM
top of page

ਬਿਕਰਮ ਸਿੰਘ ਮਜੀਠੀਆ ਨੇ ਕਿਹਾ- ਸਬ ਇੰਸਪੈਕਟਰ ਚਰਨਜੀਤ ਸਿੰਘ ਸ਼ਹੀਦ ਨਹੀਂ ਹੋਏ ਬਲਕਿ ਆਪ ਦੇ ਸਰਪੰਚ ਨੇ ਕੀਤੈ ਕਤ+ਲ

  • bhagattanya93
  • Apr 11
  • 2 min read

11/04/2025

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸਬ ਇੰਸਪੈਕਟਰ ਚਰਨਜੀਤ ਸਿੰਘ ਸ਼ਹੀਦ ਨਹੀਂ ਹੋਏ ਉਨ੍ਹਾਂ ਦਾ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਕਤਲ ਕੀਤਾ ਹੈ, ਜਿਸ ਨੂੰ ‘ਆਪ’ ਦੇ ਵਿਧਾਇਕ ਦੀ ਪੁਸ਼ਤ-ਪਨਾਹੀ ਹਾਸਲ ਹੈ। ਮਜੀਠੀਆ ਨੇ ਜਾਰੀ ਬਿਆਨ ’ਚ ਕਿਹਾ ਕਿ ਸਬ ਇੰਸਪੈਕਟਰ ਨੂੰ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਤੋਂ ਗੋਲ਼ੀਆਂ ਨਹੀਂ ਵੱਜੀਆਂ, ਬਲਕਿ ‘ਆਪ’ ਦੇ ਸਰਪੰਚ, ਜਿਸ ਨੂੰ ਵਿਧਾਇਕ ਦੀ ਪੁਸ਼ਤਪਨਾਹੀ ਹਾਸਲ ਹੈ, ਨੇ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ’ਚ ਪੁਲਿਸ ਵਿਭਾਗ ਵਿਧਾਇਕ ਦੀਆਂ ਗ਼ੈਰ ਕਾਨੂੰਨੀ ਮੰਗਾਂ ਅੱਗੇ ਉਦੋਂ ਤੋਂ ਝੁੱਕ ਗਿਆ ਹੈ ਜਦੋਂ ਤੋਂ ਗੁਰਮੀਤ ਸਿੰਘ ਚੌਹਾਨ ਵਰਗੇ ਇਮਾਨਦਾਰ ਤੇ ਚੰਗੇ ਅਫਸਰ, ਜਿਸ ਨੇ ਵਿਧਾਇਕ ਦੇ ਰਿਸ਼ਤੇਦਾਰ ਦੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕਾਰਵਾਈ ਕੀਤੀ, ਨੂੰ ਵਿਧਾਇਕ ਬਦਲਵਾਉਣ ’ਚ ਸਫਲ ਰਿਹਾ ਹੈ।


ਮਜੀਠੀਆ ਨੇ ਕਿਹਾ ਕਿ ਖਡੂਰ ਸਾਹਿਬ ਹਲਕੇ ’ਚ ਪਿਛਲੇ ਡੇਢ ਸਾਲਾਂ ’ਚ ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਤੇ ਉਸਦੇ ਰਿਸ਼ਤੇਦਾਰਾਂ ਨੇ ਦਹਿਸ਼ਤ ਮਚਾ ਰੱਖੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਹਰ ਤਰੀਕੇ ਦੀ ਗ਼ੈਰ ਕਾਨੂੰਨੀ ਗਤੀਵਿਧੀ ਚਲਾ ਰਹੇ ਹਨ ਤੇ ਖੁਦ ਨੂੰ ਕਾਨੂੰਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਜਦੋਂ ਕੱਲ੍ਹ ਪੁਲਿਸ ਨੇ ਮੌਕੇ ’ਤੇ ਦਖਲਅੰਦਾਜ਼ੀ ਕੀਤੀ ਤਾਂ ਇਨ੍ਹਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਪੁਲਿਸ ਦੇ ਸਬ ਇੰਸਪੈਕਟਰ ਦਾ ਕਤਲ ਕਰ ਦਿੱਤਾ ਤੇ ਦੋ ਹੋਰ ਪੁਲਿਸ ਮੁਲਾਜ਼ਮ ਜ਼ਖ਼ਮੀ ਕਰ ਦਿੱਤੇ।


ਮਜੀਠੀਆ ਨੇ ਕਿਹਾ ਕਿ ਪਹਿਲਾਂ ਵਿਧਾਇਕ ਦੇ ਸਾਲੇ ਨੇ ਇਕ ਅਪਾਹਜ ਵਿਅਕਤੀ ਨੂੰ ਜਲੀਲ ਕੀਤਾ ਤੇ ਪੰਚਾਇਤ ਚੋਣਾਂ ’ਚ ਗੁੰਡਾਗਰਦੀ ਕੀਤੀ ਤੇ ਅੰਮ੍ਰਿਤਧਾਰੀ ਸਿੱਖ ਦੇ ਸਿੱਖ ਕੱਕਾਰਾਂ ਦਾ ਅਪਮਾਨ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੀ ਮੁੱਖ ਮੰਤਰੀ ਪੁਸ਼ਤ ਪਨਾਹੀ ਕਰ ਰਹੇ ਹਨ, ਜੋ ਇਸ ਤੱਥ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ‘ਆਪ’ ਆਗੂ ਹੀ ਸਬ ਇੰਸਪੈਕਟਰ ਦੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਜੇਕਰ ਇਕ ਸਬ ਇੰਸਪੈਕਟਰ ਨਾਲ ਅਜਿਹਾ ਹੋ ਸਕਦਾ ਹੈ ਤਾਂ ਇਕ ਆਮ ਆਦਮੀ ਇਨਸਾਫ ਦੀ ਕੀ ਆਸ ਕਰ ਸਕਦਾ ਹੈ।

Comments


Logo-LudhianaPlusColorChange_edited.png
bottom of page