ਲੁਧਿਆਣਾ ’ਚ ਭੀਖ ਮੰਗਣ ਤੋਂ ਛੁਡਾਏ ਗਏ ਅੱਠ ਬੱਚਿਆਂ ਦੇ ਲਏ ਗਏ ਡੀਐੱਨਏ ਸੈਂਪਲ
- bhagattanya93
- Jul 24
- 2 min read
24/07/2025

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਨੂੰ ਭਿਖਾਰੀ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਜੀਵਨਜੋਤ-2 ਬੁੱਧਵਾਰ ਨੂੰ ਵੀ ਜਾਰੀ ਰਹੀ। ਇਸ ਤਹਿਤ ਬੁੱਧਵਾਰ ਨੂੰ ਲੁਧਿਆਣਾ ’ਚ ਪਿਛਲੇ ਦਿਨੀਂ ਫੜੇ ਗਏ 18 ਬੱਚਿਆਂ ’ਚੋਂ ਅੱਠ ਬੱਚਿਆਂ ਤੇ ਉਨ੍ਹਾਂ ਨੂੰ ਆਪਣਾ ਦੱਸਣ ਵਾਲਿਆਂ ਦੇ ਡੀਐੱਨਏ ਸੈਂਪਲ ਲਏ ਗਏ। ਇਹ ਸੈਂਪਲ ਮੋਹਾਲੀ ਭੇਜੇ ਗਏ ਹਨ। 10 ਤੋਂ 15 ਦਿਨਾਂ ’ਚ ਇਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਬੱਚੇ ਆਖ਼ਰ ਕਿਸ ਦੇ ਹਨ? ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬਠਿੰਡਾ ’ਚ ਸੱਤ ਬੱਚਿਆਂ ਦੇ ਡੀਐੱਨਏ ਸੈਂਪਲ ਗਏ ਹਨ।

ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਸੂਬੇ ਨੂੰ ਭਿਖਾਰੀ ਮੁਕਤ ਬਣਾਉਣ ਲਈ ਹਰ ਜ਼ਿਲ੍ਹੇ ’ਚ ਇਹੋ ਜਿਹੇ ਵਿਸ਼ੇਸ਼ ਬੱਚਿਆਂ ਨੂੰ ਛੁਡਾਇਆ ਜਾਵੇਗਾ ਜਿਨ੍ਹਾਂ ਤੋਂ ਲੋਕ ਭੀਖ ਮੰਗਵਾ ਰਹੇ ਹਨ। ਇਹੋ ਜਿਹੇ ਬੱਚਿਆਂ ਨੂੰ ਛੁਡਵਾਉਣ ਤੋਂ ਬਾਅਦ ਇਹ ਪਤਾ ਲਗਾਇਆ ਜਾਵੇਗਾ ਕਿ ਆਖ਼ਰ ਇਹ ਬੱਚੇ ਕਿਸ ਦੇ ਹਨ? ਜਿਹੜੇ ਲੋਕ ਬੱਚੇ ਆਪਣਾ ਹੋਣ ਦਾ ਸਬੂਤ ਦੇਣਗੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਜਾਵੇਗਾ ਬਾਕੀ ਦੇ ਡੀਐੱਨਏ ਟੈਸਟ ਕਰਵਾਏ ਜਾਣਗੇ। ਇਸ ਦੌਰਾਨ ਜਿਨ੍ਹਾਂ ਦਾ ਡੀਐੱਨਏ ਮਿਲਾਣ ਨਹੀਂ ਹੋਵੇਗਾ ਉਨ੍ਹਾਂ ਬੱਚਿਆਂ ਨੂੰ ਸਰਕਾਰ ਆਪਣੀ ਨਿਗਰਾਨੀ ’ਚ ਲੈ ਕੇ ਉਨ੍ਹਾਂ ਦੇ ਮਾਂ-ਬਾਪ ਦੀ ਪਛਾਣ ਕਰਨ ਦਾ ਯਤਨ ਕਰੇਗੀ ਤੇ ਇਨ੍ਹਾਂ ਬੱਚਿਆਂ ਨੂੰ ਆਪਣਾ ਦੱਸਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਦਾ ਅਸਰ ਵੀ ਸ਼ਹਿਰਾਂ ’ਚ ਦਿਖਾਈ ਦੇਣ ਲੱਗਿਆ ਹੈ। ਜਿਨ੍ਹਾਂ ਚੌਕਾਂ ’ਤੇ ਹਮੇਸ਼ਾ ਭੀਖ ਮੰਗਦੇ ਬੱਚੇ ਨਜ਼ਰ ਆਉਂਦੇ ਹਨ, ਉੱਥੇ ਕੋਈ ਵੀ ਨਹੀਂ ਦਿਖਾਈ ਦੇ ਰਿਹਾ। ਖ਼ਾਸ ਗੱਲ ਇਹ ਹੈ ਕਿ ਇਹੋ ਜਿਹੇ ਲੋਕਾਂ ਨੇ ਹੁਣ ਆਪਣਾ ਟਿਕਾਣਾ ਬਦਲ ਲਿਆ ਹੈ। ਹੁਣ ਇਹ ਲੋਕ ਧਾਰਮਿਕ ਥਾਵਾਂ ਦੇ ਆਲੇ ਦੁਆਲੇ ਦਿਖਾਈ ਦੇਣ ਲੱਗੇ ਹਨ। ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਇਹੋ ਜਿਹੀਆਂ ਥਾਵਾਂ ’ਤੇ ਵੀ ਮੁਹਿੰਮ ਚਲਾ ਕੇ ਬੱਚਿਆਂ ਨੂੰ ਮੁਕਤ ਕਰਵਾਇਆ ਜਾਵੇਗਾ।





Comments