ਵਿਧਾਇਕ ਬੱਗਾ ਨੇ ਲੱਕੜ ਪੁਲ ਦੇ ਹੇਠਾਂ ਖਾਲੀ ਪਈਆਂ ਥਾਵਾਂ ਦੀ ਕਾਇਆ ਕਲਪ ਕਰਕੇ ਸਥਾਪਿਤ ਕੀਤੇ ਸਪੋਰਟਸ ਕੋਰਟਾਂ ਦਾ ਕੀਤਾ ਉਦਘਾਟਨ
- bhagattanya93
- Oct 22, 2024
- 2 min read
ਲੁਧਿਆਣਾ, 22 ਅਕਤੂਬਰ
ਬੱਚਿਆਂ ਵਿੱਚ ਖੇਡ ਸੱਭਿਆਚਾਰ ਨੂੰ ਵਿਕਸਤ ਕਰਨ ਲਈ ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਨੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਨਾਲ ਮੰਗਲਵਾਰ ਨੂੰ ਲੁਧਿਆਣਾ ਉੱਤਰੀ ਹਲਕੇ ਵਿੱਚ ਪੈਵੀਲੀਅਨ ਮਾਲ ਨੇੜੇ ਲੱਕੜ ਪੁਲ ਦੇ ਹੇਠਾਂ ਅਤਿ ਆਧੁਨਿਕ ਬਾਸਕਟਬਾਲ, ਬੈਡਮਿੰਟਨ ਅਤੇ ਵਾਲੀਬਾਲ ਕੋਰਟਾਂ ਦਾ ਉਦਘਾਟਨ ਕੀਤਾ।
ਫਲਾਈਓਵਰ ਦੇ ਹੇਠਾਂ ਖਾਲੀ ਥਾਂ ਦੀ ਢੁਕਵੀਂ ਵਰਤੋਂ ਕੀਤੀ ਗਈ ਹੈ ਅਤੇ ਬੱਚਿਆਂ ਦੇ ਖੇਡਣ ਲਈ ਦੋ ਸਪੋਰਟਸ ਕੋਰਟ ਬਣਾਏ ਗਏ ਹਨ।
ਵਿਧਾਇਕ ਬੱਗਾ ਅਤੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਨੇ ਦੱਸਿਆ ਕਿ ਮਹਿਜ਼ 15 ਲੱਖ ਰੁਪਏ ਦੀ ਲਾਗਤ ਨਾਲ ਮਿਆਰੀ ਖੇਡ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ।
ਸਪੋਰਟਸ ਕੋਰਟਾਂ ਦਾ ਉਦਘਾਟਨ ਕਰਨ ਉਪਰੰਤ ਵਿਧਾਇਕ ਬੱਗਾ ਅਤੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਨੇ ਬੈਡਮਿੰਟਨ ਦੀ ਖੇਡ ਦਾ ਆਨੰਦ ਵੀ ਮਾਣਿਆ। ਇਸ ਮੌਕੇ ਤੇ ਸੰਯੁਕਤ ਕਮਿਸ਼ਨਰ ਚੇਤਨ ਬੰਗੜ ਵੀ ਹਾਜ਼ਰ ਸਨ।
ਵਿਧਾਇਕ ਬੱਗਾ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਸ਼ਹਿਰ ਵਾਸੀਆਂ ਨੂੰ ਮਿਆਰੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ 'ਤੇ ਹੈ। ਇਲਾਕਾ ਨਿਵਾਸੀ ਖਾਸ ਕਰਕੇ ਬੱਚੇ ਪਿਛਲੇ ਸਮੇਂ ਤੋਂ ਖੇਡਣ ਲਈ ਜਗ੍ਹਾ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਫਲਾਈਓਵਰ ਦੇ ਹੇਠਾਂ ਸਪੋਰਟਸ ਕੋਰਟਾਂ ਨੂੰ ਵਿਕਸਤ ਕਰਨ ਲਈ ਇਹ ਨਿਵੇਕਲਾ ਕਦਮ ਚੁੱਕਿਆ ਗਿਆ ਹੈ। ਇਸ ਤਰ੍ਹਾਂ ਖਾਲੀ ਥਾਵਾਂ ਦੀ ਵੀ ਢੁਕਵੀਂ ਵਰਤੋਂ ਕੀਤੀ ਗਈ ਹੈ ਅਤੇ ਘੱਟ ਖਰਚੇ 'ਤੇ ਸਪੋਰਟਸ ਕੋਰਟਾਂ ਤਿਆਰ ਕੀਤੀਆਂ ਗਈਆਂ ਹਨ। ਆਉਣ ਵਾਲੇ ਸਮੇਂ ਵਿੱਚ ਹਲਕੇ ਵਿੱਚ ਅਜਿਹੀਆਂ ਹੋਰ ਸਪੋਰਟਸ ਕੋਰਟਾਂ ਸਥਾਪਿਤ ਕੀਤੀਆਂ ਜਾਣਗੀਆਂ।
ਵਿਧਾਇਕ ਬੱਗਾ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਭਰ ਵਿੱਚ ਮਿਆਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਚਨਬੱਧ ਹੈ। ਇਨ੍ਹਾਂ ਸਪੋਰਟਸ ਕੋਰਟਾਂ ਦੀ ਸਾਂਭ-ਸੰਭਾਲ ਸਬੰਧੀ ਬੋਲਦਿਆਂ ਵਿਧਾਇਕ ਬੱਗਾ ਨੇ ਕਿਹਾ ਕਿ ਉਹ ਇਹਨਾਂ ਸਪੋਰਟਸ ਕੋਰਟਾਂ ਦੀ ਸਾਂਭ-ਸੰਭਾਲ ਲਈ ਆਸ-ਪਾਸ ਦੇ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਕਮੇਟੀ ਬਣਾਉਣਗੇ, ਤਾਂ ਜੋ ਬੱਚਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਪੋਰਟਸ ਕੋਰਟਾਂ ਦੀ ਸਾਂਭ-ਸੰਭਾਲ ਵੀ ਸਹੀ ਤਰੀਕੇ ਕੀਤੀ ਜਾਵੇ।
Comments