ਵਿਧਾਇਕ ਪਠਾਣਮਾਜਰਾ ਨੇ ਦੂਜੀ ਵਾਰ ਲਗਾਈ ਪੇਸ਼ਗੀ ਜ਼ਮਾਨਤ ਦੀ ਅਰਜ਼ੀ, ਪਹਿਲੀ ਅਰਜ਼ੀ ਹੋ ਗਈ ਸੀ ਖਾਰਜ
- bhagattanya93
- Sep 21
- 1 min read
21/09/2025

ਸਰੀਰਕ ਸ਼ੋਸ਼ਣ ਮਾਮਲੇ ’ਚ ਨਾਮਜ਼ਦ ਤੇ ਪੁਲਿਸ ਹਿਰਾਸਤ ’ਚੋਂ ਫ਼ਰਾਰ ਹੋਏ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਪਟਿਆਲਾ ਅਦਾਲਤ ’ਚ ਦੂਸਰੀ ਵਾਰ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਹੈ। ਪਠਾਣਮਾਜਰਾ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਖੇ ਇਕ ਸਤੰਬਰ ਨੂੰ ਸਰੀਰਕ ਸ਼ੋਸ਼ਣ ਦੇ ਦੋਸ਼ ਤਹਿਤ ਮਾਮਲਾ ਦਰਜ ਹੋਇਆ ਸੀ। ਜਿਸ ਤੋਂ ਅਗਲੇ ਦਿਨ ਹਰਿਆਣਾ ਦੇ ਪਿੰਡ ਡਾਬਰੀ ਤੋਂ ਵਿਧਾਇਕ ਪੁਲਿਸ ਹਿਰਾਸਤ ’ਚੋਂ ਭੱਜ ਗਿਆ ਸੀ। ਕਰੀਬ 20 ਦਿਨ ਬਾਅਦ ਵੀ ਪੁਲਿਸ ਹਰਮੀਤ ਸਿੰਘ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਜਦਕਿ ਇਸ ਦੌਰਾਨ ਪਠਾਣਮਾਜਰਾ ਵੱਲੋਂ ਪੇਸ਼ਗੀ ਜ਼ਮਾਨਤ ਲਈ ਲਗਾਈ ਪਹਿਲੀ ਅਰਜ਼ੀ ਖਾਰਜ ਹੋਣ ਤੋਂ ਬਾਅਦ ਦੂਸਰੀ ਵਾਰ ਅਰਜ਼ੀ ਦਾਇਰ ਕੀਤੀ ਗਈ ਹੈ। ਇਸ ਦੇ ਨਾਲ ਹੀ ਪਠਾਣਮਾਜਰਾ ਨੂੰ ਪਨਾਹ ਦੇਣ ਤੇ ਪੁਲਿਸ ਹਿਰਾਸਤ ’ਚੋਂ ਭਜਾਉਣ ਸਬੰਧੀ ਪਟਿਆਲਾ ਦੇ ਥਾਣਾ ਸਿਵਲ ਲਾਇਨ ਵਿਖੇ ਹੀ ਦਰਜ ਹੋਏ ਇਕ ਹੋਰ 174 ਨੰਬਰ ਮਾਮਲੇ ਉਸਦੇ ਰਿਸ਼ਤੇਦਾਰ ਗੁਰਲਾਮ ਸਿੰਘ ਲਾਡੀ ਤੇ ਅਮ੍ਰਿਤ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਵੀ ਅਦਾਲਤ ’ਚ ਲਗਾਈ ਗਈ ਹੈ। ਇਸ ਤੋਂ ਇਲਾਵਾ 174 ਨੰਬਰ ਮਾਮਲੇ ’ਚ ਗ੍ਰਿਫਤਾਰ ਸੁੱਚਾ ਸਿੰਘ ਤੇ ਮੰਗਾ ਸਿੰਘ ਵਾਸੀ ਪਿੰਡ ਮਸੀਂਗਣ ਨੂੰ ਅਦਾਲਤ ਨੇ ਨਿਆਇਕ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ ਹੈ। ਬਚਾਅ ਪੱਖ ਨੇ ਇਨ੍ਹਾਂ ਦੋਹਾਂ ਦੀ ਜ਼ਮਾਨਤ ਲਈ ਵੀ ਅਦਾਲਤ ’ਚ ਅਰਜ਼ੀ ਦਾਖ਼ਲ ਕੀਤੀ ਹੈ।





Comments