ਸ਼ਰਾਬ ਕਰਕੇ ਘਰ 'ਚ ਛਾਇਆ ਮਾਤਮ ਦਾ ਮਾਹੌਲ, ਸ਼ਰਾਬ ਦੀ ਘੁੱਟ ਪਿੱਛੇ ਭਤੀਜੇ ਨੇ ਮਾਰਿਆ ਤਾਇਆ
- Nov 4, 2023
- 1 min read
Ludhiana 4 Nov


ਜਲਾਲਾਬਾਦ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਰਿਸ਼ਤੇ ਤਾਰ-ਤਾਰ ਹੁੰਦੇ ਹੋਏ ਨਜ਼ਰ ਆਏ। ਇੱਕ ਨਿੱਕੀ ਜਿਹੀ ਗੱਲ ਪਿੱਛੇ ਘਰ ਵਿੱਚ ਸੱਥਰ ਤੱਕ ਵਿੱਛ ਗਏ। ਜੀ ਹਾਂ ਪਿੰਡ ਫੱਤੂਵਾਲਾ ਵਿਖੇ ਸ਼ਰਾਬ ਪੀਣ ਨੂੰ ਲੈ ਕੇ ਹੋਏ ਝਗੜੇ ਦੇ ਦੌਰਾਨ ਇੱਕ ਵਿਅਕਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਉਹ ਵੀ ਖੁਦ ਦੇ ਭਤੀਜੇ ਵੱਲੋਂ ਹੀ। ਇਹ ਸੁਣ ਕੇ ਤੁਸੀਂ ਵੀ ਹੱਕ-ਬੱਕੇ ਰਹਿ ਗਏ ਹੋਣੇ।ਕਤਲ ਦੇ ਦੋਸ਼ ’ਚ ਥਾਣਾ ਸਦਰ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।
ਸਹਾਇਕ ਥਾਣੇਦਾਰ ਬਿਸ਼ਨ ਰਾਮ ਨੇ ਦੱਸਿਆ ਕਿ ਮੁਦੱਈ ਕਸ਼ਮੀਰ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਫੱਤੂਵਾਲਾ ਵੱਲੋਂ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ। ਮਿਤੀ 31-10-2023 ਨੂੰ ਉਸਦਾ ਪਤੀ ਜੋਗਿੰਦਰ ਸਿੰਘ ਮਿਹਨਤ ਮਜ਼ਦੂਰੀ ਕਰ ਕੇ ਘਰ ਆਇਆ ਸੀ। ਮ੍ਰਿਤਕ ਦੀ ਪਤਨੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਹੀ ਉਸਦੇ ਦਿਓਰ ਮਲਕੀਤ ਸਿੰਘ ਦਾ ਘਰ ਹੈ, ਜਿਸਦਾ ਮੁੰਡਾ ਸੁਖਚੈਨ ਸਿੰਘ ਸ਼ਰਾਬ ਲੈਣ ਲਈ ਉਸਦੇ ਘਰ ਆਇਆ ਹੋਇਆ ਸੀ।

ਉਸਦੇ ਘਰ ਪਹਿਲਾ ਹੀ ਰਾਮ ਸਿੰਘ ਅਤੇ ਵੀਰ ਸਿੰਘ ਵਾਸੀਆਨ ਢਾਣੀ ਮਾਘ ਸਿੰਘ ਭੈਣੀ ਸ਼ਰਾਬ ਪੀਣ ਲਈ ਆਏ ਹੋਏ ਸੀ ਤਾਂ ਦੇਰ ਸ਼ਾਮ ਕਰੀਬ 7.30 ਵਜੇ ਸੁਖਚੈਨ ਸਿੰਘ ਨੇ ਜੋਗਿੰਦਰ ਸਿੰਘ ਪਾਸੋ ਪੀਣ ਲਈ ਸ਼ਰਾਬ ਮੰਗੀ ਤਾਂ ਜੋਗਿੰਦਰ ਸਿੰਘ ਨੇ ਕਿਹਾ ਕਿ ਤੂੰ ਸ਼ਰਾਬ ਪੀ ਕੇ ਘਰ ਲੜਾਈ ਝਗੜਾ ਕਰਦਾ ਹਾਂ, ਤੈਨੂੰ ਸ਼ਰਾਬ ਨਹੀਂ ਦੇਣੀ। ਜਿਸ ’ਤੇ ਸੁਖਚੈਨ ਸਿੰਘ ਨੇ ਜੋਗਿੰਦਰ ਸਿੰਘ ਦੀ ਗਰਦਨ ਤੋਂ ਫੜ ਕੇ ਗਲਾ ਘੁੱਟ ਦਿੱਤਾ। ਜਿਸ ਕਰਕੇ ਜੋਗਿੰਦਰ ਸਿੰਘ ਦੀ ਮੌਤ ਹੋ ਗਈ। ਉਸ ਤੋਂ ਬਾਅਦ ਸੁਖਚੈਨ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮੁਦੱਈ ਕਸ਼ਮੀਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਸੁਖਚੈਨ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਫੱਤੂਵਾਲਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।





Comments