google-site-verification=ILda1dC6H-W6AIvmbNGGfu4HX55pqigU6f5bwsHOTeM
top of page

ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਮੁਲਤਵੀ, PM Modi ਨੇ 27 ਨੂੰ ਕਰਨਾ ਸੀ Virtual ਉਦਘਾਟਨ

  • Writer: Ludhiana Plus
    Ludhiana Plus
  • Jul 27
  • 2 min read

27/07/2025

ree

ਕੌਮਾਂਤਰੀ ਹਵਾਈ ਅੱਡਾ ਹਲਵਾਰਾ ਨੂੰ ਸ਼ੁਰੂ ਹੋਣ ਲਈ ਹਾਲੇ ਹੋਰ ਸਮਾਂ ਲੱਗਦਾ ਨਜ਼ਰ ਆ ਰਿਹਾ ਹੈ, ਹਾਲਾਂਕਿ 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਕੌਮਾਂਤਰੀ ਹਵਾਈ ਅੱਡੇ ਦਾ ਵਰਚੁਅਲ ਤਰੀਕੇ ਨਾਲ ਉਦਘਾਟਨ ਕੀਤੇ ਜਾਣ ਦੀ ਪੁਸ਼ਟੀ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਕੀਤੀ ਗਈ ਸੀ। ਫਿਲਹਾਲ ਉਦਘਾਟਨ ਨੂੰ ਟਾਲ ਦਿੱਤਾ ਗਿਆ ਹੈ। ਇਸ ਦਾ ਕਾਰਨ ਪ੍ਰਧਾਨ ਮੰਤਰੀ ਦੇ ਬਿਹਾਰ ਚੋਣਾਂ ’ਚ ਰੁਝੇਵਿਆਂ ਨੂੰ ਦੱਸਿਆ ਜਾ ਰਿਹਾ ਹੈ, ਜਦਕਿ ਮੌਜੂਦਾ ਸਮੇਂ ਵਿਦੇਸ਼ ਯਾਤਰਾ ’ਤੇ ਗਏ ਹੋਏ ਹਨ, ਉੱਥੇ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਾਹਮਣੇ ਆਇਆ ਹੈ ਕਿ ਕਿ ਹਵਾਈ ਅੱਡੇ ਦੇ ਕਈ ਕੰਮ ਹਾਲੇ ਵੀ ਅਧੂਰੇ ਹਨ। ਜਿਨ੍ਹਾਂ ਨੂੰ ਮੁਕੰਮਲ ਕਰਨ ’ਚ ਕਰੀਬ ਤਿੰਨ ਤੋਂ ਚਾਰ ਮਹੀਨੇ ਦਾ ਸਮਾਂ ਲੱਗ ਸਕਦਾ ਹੈ।


ਉਦਘਾਟਨ ’ਤੇ ਉੱਠਣ ਲੱਗੇ ਸਨ ਸਵਾਲ

ਪਿਛਲੇ ਸੱਤ ਸਾਲਾਂ ਤੋਂ ਬਣ ਰਹੇ ਏਅਰਪੋਰਟ ਲਈ ਹਵਾਈ ਸੈਨਾ ਕੇਂਦਰ ਹਲਵਾਰਾ ਦਾ ਰਨਵੇਅ ਵਰਤਿਆ ਜਾਣਾ ਹੈ ਪਰ ਇਸ ਨੂੰ ਚੌੜਾ ਕਰਨ ਦਾ ਕੰਮ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ, ਜਦਕਿ ਰਨਵੇਅ ਦਾ ਕੰਮ ਕਬੀਰ ਇੰਫਰਾਸਟਕਚਰ ਕੰਪਨੀ ਵਲੋਂ ਕੀਤਾ ਜਾ ਰਿਹਾ ਹੈ। ਇਸ ਅਨੁਸਾਰ ਟੈਕਸੀ ਵੇਅ ਨੂੰ ਮੁੱਖ ਰਨਵੇਅ ਨਾਲ ਜੋੜਿਆ ਜਾਣਾ ਹੈ ਪਰ ਸੈਨਾ ਕੇਂਦਰ ’ਚ ਰਨਵੇਅ ਦੇ ਇਕ ਹਿੱਸੇ ਨੂੰ ਚੌੜਾ ਕਰਨ ਦਾ ਕੰਮ ਫਿਲਹਾਲ ਚੱਲ ਰਿਹਾ ਹੈ। ਇਸ ਨੂੰ ਪੂਰਾ ਹੋਣ ’ਚ ਕਰੀਬ ਦੋ ਮਹੀਨੇ ਦਾ ਸਮਾਂ ਲੱਗ ਸਕਦਾ ਹੈ ਅਤੇ ਪਿਛਲੇ ਦਿਨਾਂ ’ਚ ਏਅਰਪੋਰਟ ਅਥਾਰਟੀ ਆਫ ਇੰਡੀਆ ਤੇ ਸੁਰੱਖਿਆ ਏਜੰਸੀਆਂ ਦੀ ਟੀਮ ਨੇ ਟਰਮੀਨਲ ਦੇ ਸਟੀਲ ਸਟਰਕਚਰ ਦੀ ਜਗ੍ਹਾ ਮਜਬੂਤ ਕੰਧ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਇਲਾਵਾ ਵੀਆਈਪੀ ਦੇ ਨਾਲ ਸੁਰੱਖਿਆ ਦਸਤੇ ਲਈ ਵਿਸ਼ੇਸ਼ ਪੈਟਰੋਲਿੰਗ ਦੇ ਲਈ ਦੀਵਾਰ ਦੇ ਨਾਲ ਰਾਸਤਾ ਬਣਾਉਣ ਦੇ ਆਦੇਸ਼ ਦਿੱਤੇ ਗਏ ਸਨ। ਇਸ ਤਹਿਤ ਦੀਵਾਰ ਬਣਾ ਦਿੱਤੀ ਗਈ ਹੈ ਅਤੇ ਨਵੇਂ ਮਾਰਗ ਦੀ ਲੇਵਲਿੰਗ ਵੀ ਕਰ ਦਿੱਤੀ ਗਈ ਹੈ, ਉਸ ’ਤੇ ਕੰਕਰੀਟ ਪਾਉਣ ਦਾ ਕੰਮ ਅਜੇ ਬਾਕੀ ਹੈ, ਜਿਸ ਲਈ ਅਜੇ ਹੋਰ ਸਮਾਂ ਲੱਗੇਗਾ, ਉੱਥੇ ਹੀ ਪਹਿਲੇ ਪੜਾਅ ’ਚ ਏਅਰ ਇੰਡੀਆ ਵਿਸਤਾਰਾ ਏਅਰਲਾਈਨ ਨੇ ਹਫਤੇ ’ਚ ਦਿੱਲੀ ਦੇ ਲਈ ਅਪ-ਡਾਊਨ ਦੋ ਉਡਾਨਾਂ ਸ਼ੁਰੂ ਕਰਨ ਦੀ ਹਾਮੀ ਤਾਂ ਭਰੀ ਹੈ ਪਰ ਉਡਾਨਾਂ ਕਦੋਂ ਸ਼ੁਰੂ ਹੋਣਗੀਆਂ। ਇਸ ਬਾਰੇ ਕੋਈ ਵੀ ਸੂਚੀ ਜਾਰੀ ਨਹੀਂ ਕੀਤੀ ਗਈ।


ਦੱਸਣਯੋਗ ਹੈ ਕਿ ਕੁਝ ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜਲਦਬਾਜ਼ੀ ’ਚ ਉਦਘਾਟਨ ਕਰਨ ਦਾ ਐਲਾਨ ਤਾਂ ਕਰ ਦਿੱਤਾ ਗਿਆ ਸੀ ਪਰ ਹਾਲੇ ਤੱਕ ਏਅਰ ਇੰਡੀਆ ਵੱਲੋਂ ਕੋਈ ਵੀ ਫਲਾਈ ਟੈਸਟਿੰਗ ਨਹੀਂ ਕੀਤੀ ਗਈ।


ਸਾਂਭ ਸੰਭਾਲ ਨਾ ਹੋਣ ਕਾਰਨ ਖਰਾਬ ਹੋ ਰਿਹਾ ਹੈ ਸਮਾਨ

162 ਏਕੜ ਜ਼ਮੀਨ ਵਿੱਚ ਬਣੇ ਏਅਰਪੋਰਟ ਟਰਮੀਨਲ ਦੀ ਇਮਾਰਤ ’ਚ ਰੱਖੇ ਸਮਾਨ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਖਰਾਬ ਹੋ ਰਿਹਾ ਹੈ, ਏਅਰਪੋਰਟ ਦੇ ਅੰਦਰ ਖਾਲੀ ਪਈ ਜ਼ਮੀਨ ’ਚ ਹਰ ਪਾਸੇ ਜੰਗਲੀ ਘਾਹ ਉੱਗਿਆ ਹੋਇਆ ਹੈ। ਇਮਾਰਤ ’ਚ ਲੱਗੀਆਂ ਮਹਿੰਗੀਆਂ ਟਾਈਲਾਂ ਵੀ ਕਾਲੀਆਂ ਹੋ ਚੁੱਕੀਆਂ ਹਨ ਅਤੇ ਸਟਾਫ਼ ਨਾ ਹੋਣ ਕਾਰਨ ਸਫਾਈ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।


ਕੀ ਕਹਿਣਾ ਹੈ ਐੱਮਪੀ ਡਾ. ਅਮਰ ਸਿੰਘ ਦਾ

ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਐੱਮਪੀ ਮੈਂਬਰ ਡਾ. ਅਮਰ ਸਿੰਘ ਜੋ ਹਲਵਾਰਾ ਤੇ ਸਾਨੇਵਾਲ ਏਅਰਪੋਰਟ ਸਿਵਲ ਏਵੀਏਸ਼ਨ ਕਮੇਟੀ ਦੇ ਚੇਅਰਮੈਨ ਵੀ ਹਨ, ਵੱਲੋਂ ਵੀ ਲਗਾਤਾਰ ਲੰਮੇ ਸਮੇਂ ਤੋਂ ਇਸ ਏਅਰਪੋਰਟ ਨੂੰ ਮੁਕੰਮਲ ਕਰਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹਵਾਈ ਮੰਤਰਾਲੇ ਵੱਲੋਂ ਉਦਘਾਟਨ ਲਈ ਰਸਮੀ ਪ੍ਰਵਾਨਗੀ ਮਿਲਣੀ ਹਲੇ ਬਾਕੀ ਹੈ। ਇਸ ਤੋਂ ਬਾਅਦ ਹੀ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ ਜਾਵੇਗਾ।

Comments


Logo-LudhianaPlusColorChange_edited.png
bottom of page