100 ਤੋਂ ਜ਼ਿਆਦਾ ਪ੍ਰਕਾਰ ਦਾ ਹੁੰਦਾ ਹੈ ਗਠੀਆ, ਜਾਣੋ ਕੀ ਹਨ ਇਸ ਦੇ ਲੱਛਣ
- bhagattanya93
- Mar 13, 2024
- 2 min read
13/03/2024
ਆਮ ਤੌਰ 'ਤੇ ਲੋਕ ਗਠੀਏ ਨੂੰ ਸਿਰਫ਼ ਜੋੜਾਂ ਦੇ ਦਰਦ ਤੇ ਸੋਜ ਨਾਲ ਜੋੜਦੇ ਹਨ, ਜਦੋਂਕਿ ਇਹ ਇਕ ਆਟੋ ਇਮਿਊਨ ਡਿਸਆਰਡਰ ਹੈ ਤੇ ਇਸ ਦੀਆਂ 100 ਤੋਂ ਵੱਧ ਕਿਸਮਾਂ ਹਨ। ਇਹ ਨਾ ਸਿਰਫ਼ ਸਰੀਰ ਦੇ ਜੋੜਾਂ 'ਤੇ ਮਾੜਾ ਅਸਰ ਪਾਉਂਦਾ ਹੈ, ਸਗੋਂ ਹੋਰ ਅੰਗਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਗਠੀਏ ਦੇ ਲੱਛਣ ਜਿਵੇਂ ਕਿ ਜੋੜਾਂ 'ਚ ਦਰਦ, ਸੋਜ ਤੇ ਅਕੜਾਅ ਦਿਖਾਈ ਦਿੰਦਿਆਂ ਹੀ ਤੁਰੰਤ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।
ਗਠੀਏ ਦਾ ਇਲਾਜ ਹੁਣ ਪਹਿਲਾਂ ਨਾਲੋਂ ਆਸਾਨ ਹੋ ਗਿਆ ਹੈ। ਪਹਿਲਾਂ ਜਿੱਥੇ ਮਰੀਜ਼ ਨੂੰ ਸਿਰਫ਼ ਦਰਦ ਨਿਵਾਰਕ ਦਵਾਈਆਂ ਦਿੱਤੀਆਂ ਜਾਂਦੀਆਂ ਸਨ, ਉੱਥੇ ਹੀ ਹੁਣ ਇਸ ਦਾ ਵੀ ਬਾਇਓਲੌਜੀਕਲ ਟ੍ਰੀਟਮੈਂਟ ਹੋਣ ਲੱਗਾ ਹੈ। ਇਹ ਬਹੁਤ ਕਾਰਗਰ ਤੇ ਅਸਰਦਾਰ ਹੈ। ਹਾਲਾਂਕਿ ਜਾਣਕਾਰੀ ਦੀ ਘਾਟ ਕਾਰਨ ਅਜੇ ਵੀ ਮਰੀਜ਼ਾਂ ਦਾ ਸਹੀ ਇਲਾਜ ਨਹੀਂ ਹੋ ਰਿਹਾ।
ਇਹ ਗੱਲ ਗਠੀਆ ਰੋਗ ਮਾਹਿਰ ਡਾ. ਰੁਤੁਜਾ ਪੁਰਸਵਾਨੀ ਨੇ ਵਿਸ਼ਵ ਮਹਿਲਾ ਦਿਵਸ ਮੌਕੇ ਸਵਾਮੀ ਪ੍ਰੀਤਮਦਾਸ ਆਡੀਟੋਰੀਅਮ ਵਿਖੇ ਲਗਾਏ ਗਏ ਮੁਫ਼ਤ ਗਠੀਆ ਯੋਗਾ ਕੈਂਪ ਦੌਰਾਨ ਕਹੀ। ਕੈਂਪ 'ਚ 250 ਤੋਂ ਵੱਧ ਮਰੀਜ਼ ਪੁੱਜੇ। ਇਸ ਦੌਰਾਨ ਯੋਗਾ ਅਧਿਆਪਕ ਅਮਲਾ ਸ਼ਰਮਾ ਨੇ ਗਠੀਆ ਰੋਗੀਆਂ ਨੂੰ ਲਾਭਦਾਇਕ ਯੋਗ ਆਸਣਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗਠੀਆ ਬਾਰੇ ਆਮ ਗਲਤ ਧਾਰਨਾ ਇਹ ਹੈ ਕਿ ਗਠੀਆ ਬਜ਼ੁਰਗਾਂ ਦੀ ਬਿਮਾਰੀ ਹੈ, ਜਦੋਂ ਕਿ ਇਹ ਤਿੰਨ ਸਾਲ ਦੀ ਉਮਰ ਤੋਂ ਲੈ ਕੇ ਬਜ਼ੁਰਗ ਨਾਗਰਿਕਾਂ ਤਕ ਕਿਸੇ ਨੂੰ ਵੀ ਹੋ ਸਕਦਾ ਹੈ।
ਗਠੀਏ ਦੇ ਆਮ ਲੱਛਣ
ਜੋੜਾਂ 'ਚ ਦਰਦ ਤੇ ਸੋਜ, ਅਕੜਾਅ, ਜੋੜਾਂ ਨੂੰ ਹਿਲਾਉਣ 'ਚ ਮੁਸ਼ਕਲ, ਪ੍ਰਭਾਵਿਤ ਥਾਂ 'ਤੇ ਲਾਲੀ ਤੇ ਗਰਮੀ, ਕਮਜ਼ੋਰੀ, ਥਕਾਵਟ, ਸਵੇਰੇ ਉੱਠਣ ਤੋਂ ਅੱਧੇ ਘੰਟੇ ਬਾਅਦ ਅਕੜਾਅ, ਹੱਡੀਆਂ 'ਚ ਬੁਖਾਰ, ਜੋੜਾਂ 'ਚ ਟੇਢਾਪਣ ਆਉਣਾ ਆਦਿ।
ਅਪਨਾਓ ਬਿਹਤਰ ਖੁਰਾਕ ਤੇ ਜੀਵਨ ਸ਼ੈਲੀ
- ਦੁੱਧ, ਦਹੀਂ, ਸੰਤਰਾ, ਨਿੰਬੂ ਤੇ ਮੌਸੰਬੀ ਤੋਂ ਪ੍ਰਾਪਤ ਵਿਟਾਮਿਨ ਗਠੀਏ ਦੇ ਦਰਦ ਨੂੰ ਘਟਾ ਸਕਦੇ ਹਨ।
- ਟਮਾਟਰ ਅਤੇ ਬੈਂਗਣ ਤੋਂ ਪ੍ਰਾਪਤ ਆਇਰਨ ਤੇ ਵਿਟਾਮਿਨ ਡੀ ਗਠੀਆ ਤੋਂ ਰਾਹਤ ਲਈ ਜ਼ਰੂਰੀ ਹੈ।
- ਕਿਡਨੀ ਬੀਨਜ਼ ਤੇ ਸੋਇਆਬੀਨ ਵਰਗੇ ਪ੍ਰੋਟੀਨ ਗਠੀਏ ਦੇ ਰੋਗੀਆਂ ਲਈ ਫਾਇਦੇਮੰਦ ਹੁੰਦੇ ਹਨ।
- ਬਿਨਾਂ ਤੜਕੇ ਤੇ ਕ੍ਰੀਮ ਵਾਲੀਆਂ ਦਾਲਾਂ ਗਠੀਆ ਰੋਗੀਆਂ ਲਈ ਪੋਸ਼ਣ ਦਾ ਚੰਗਾ ਸ੍ਰੋਤ ਹਨ।
- ਸੁੱਕੇ ਮੇਵੇ ਲੈਣਾ ਚੰਗਾ ਹੈ ਪਰ ਇਨ੍ਹਾਂ ਦੀ ਮਾਤਰਾ ਘੱਟ ਹੋਣੀ ਚਾਹੀਦੀ ਹੈ।
- ਰੋਜ਼ਾਨਾ ਕੋਸੇ ਪਾਣੀ ਨਾਲ ਇਸ਼ਨਾਨ ਕਰੋ।
- ਨਿਯਮਿਤ 40 ਮਿੰਟ ਕਸਰਤ ਕਰੋ।
- ਹਰ ਰੋਜ਼ ਅੱਠ ਘੰਟੇ ਦੀ ਨੀਂਦ ਲਓ।






Comments