Navjot Sidhu ਦਾ ਦਾਅਵਾ ਟਾਟਾ ਮੈਮੋਰੀਅਲ ਹਸਪਤਾਲ ਨੇ ਕੀਤਾ ਖਾਰਜ, ਕਿਹਾ ਸੀ- ਪਤਨੀ ਨੇ ਆਯੁਰਵੇਦ ਨਾਲ ਕੈਂਸਰ ਨੂੰ ਹਰਾਇਆ
- bhagattanya93
- Nov 24, 2024
- 2 min read
24/11/2024

ਟਾਟਾ ਮੈਮੋਰੀਅਲ ਹਸਪਤਾਲ ਦੇ ਓਨਕੋਲੋਜਿਸਟ ਨੇ ਕਿਹਾ ਕਿ ਕੈਂਸਰ ਦੇ ਮਰੀਜ਼ਾਂ ਨੂੰ ਆਪਣੇ ਇਲਾਜ 'ਚ ਦੇਰ ਨਹੀਂ ਕਰਨੀ ਚਾਹੀਦੀ ਜਾਂ ਗੈਰ-ਪ੍ਰਮਾਣਿਤ ਇਲਾਜ ਯਾਨੀ ਬਿਨਾਂ ਵਿਗਿਆਨਕ ਸਬੂਤ ਦੇ ਉਪਾਅ ਅਪਣਾ ਕੇ ਚੱਲ ਰਹੇ ਇਲਾਜ ਨੂੰ ਰੋਕਣਾ ਨਹੀਂ ਚਾਹੀਦਾ।
ਮਾਹਿਰਾਂ ਦਾ ਕਹਿਣਾ ਹੈ ਕਿ ਕੈਂਸਰ ਵਰਗੀ ਗੰਭੀਰ ਬਿਮਾਰੀ ਦਾ ਇਲਾਜ ਵਿਗਿਆਨਕ ਸਬੂਤਾਂ ਤੋਂ ਬਿਨਾਂ ਘਰੇਲੂ ਉਪਚਾਰਾਂ ਨਾਲ ਸੰਭਵ ਨਹੀਂ। ਇਹ ਗੱਲ ਸਾਬਕਾ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਵੱਲੋਂ ਇਕ ਪ੍ਰੈਸ ਕਾਨਫਰੰਸ 'ਚ ਦਾਅਵਾ ਕਰਨ ਤੋਂ ਬਾਅਦ ਕਹੀ ਗਈ ਹੈ ਕਿ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੇ ਆਪਣੀ ਖੁਰਾਕ ਤੇ ਜੀਵਨਸ਼ੈਲੀ 'ਚ ਬਦਲਾਅ ਕਰ ਕੇ ਸਟੇਜ-4 ਦੇ ਕੈਂਸਰ ਨੂੰ ਮਾਤ ਦਿੱਤੀ ਹੈ।

ਇਨ੍ਹਾਂ ਦੇ ਝਾਂਸੇ 'ਚ ਨਾ ਆਓ
ਟਵਿੱਟਰ 'ਤੇ ਪੋਸਟ ਕੀਤੇ ਗਏ ਇਕ ਬਿਆਨ 'ਚ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ, ਡਾਕਟਰ ਸੀਐਸ ਪ੍ਰਮੇਸ਼ ਨੇ ਕਿਹਾ ਕਿ ਇੰਟਰਨੈਟ ਮੀਡੀਆ 'ਤੇ ਵਾਇਰਲ ਵੀਡੀਓ ਦੇ ਕੁਝ ਹਿੱਸਿਆਂ 'ਚ ਦਿਖਾਇਆ ਗਿਆ ਹੈ ਕਿ ਡੇਅਰੀ ਉਤਪਾਦ ਤੇ ਖੰਡ ਨਾ ਖਾਣ, ਹਲਦੀ ਤੇ ਨਿੰਮ ਦਾ ਸੇਵਨ ਨਾਲ ਲਾਇਲਾਜ ਕੈਂਸਰ ਨੂੰ ਠੀਕ ਕਰਨ ਵਿਚ ਮਦਦ ਮਿਲਦੀ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਇਨ੍ਹਾਂ ਗੱਲਾਂ 'ਤੇ ਵਿਸ਼ਵਾਸ ਨਾ ਕਰੋ ਤੇ ਨਾ ਹੀ ਉਨ੍ਹਾਂ ਦੇ ਝਾਂਸੇ ਵਿਚ ਆਓ, ਚਾਹੇ ਇਹ ਕਿਸੇ ਵੱਲੋਂ ਵੀ ਹੋਣ। ਇਹ ਗ਼ੈਰ-ਵਿਗਿਆਨਕ ਤੇ ਬੇ-ਆਧਾਰ ਸਿਫਾਰਸ਼ਾਂ ਹਨ।
ਕੈਂਸਰ ਮਾਹਿਰਾਂ ਤੋਂ ਲਓ ਸਲਾਹ
ਡਾਕਟਰ ਨੇ ਦੱਸਿਆ ਕਿ ਹਲਦੀ ਤੇ ਨਿੰਮ ਨਾਲ ਉਨ੍ਹਾਂ ਕੈਂਸਰ ਨੂੰ ਨਹੀਂ ਹਰਾਇਆ ਸਗੋਂ ਸਰਜਰੀ ਤੇ ਕੀਮੋਥੈਰੇਪੀ ਕਰਵਾਈ, ਜਿਸ ਕਾਰਨ ਉਹ ਇਸ ਬਿਮਾਰੀ ਤੋਂ ਮੁਕਤ ਹੋਏ। ਉਨ੍ਹਾਂ ਕਿਹਾ ਕਿ ਅਸੀਂ ਆਮ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਕਿਸੇ ਨੂੰ ਵੀ ਕੈਂਸਰ ਦੇ ਕੋਈ ਲੱਛਣ ਹੋਣ ਤਾਂ ਉਹ ਡਾਕਟਰ ਜਾਂ ਕੈਂਸਰ ਮਾਹਿਰ ਦੀ ਸਲਾਹ ਜ਼ਰੂਰ ਲੈਣ। ਕੈਂਸਰ ਦਾ ਇਲਾਜ ਸੰਭਵ ਹੈ ਬਸ਼ਰਤੇ ਇਸ ਦਾ ਸਮੇਂ ਸਿਰ ਪਤਾ ਲੱਗ ਜਾਵੇ। ਕੈਂਸਰ ਦਾ ਇਲਾਜ ਸਰਜਰੀ, ਰੇਡੀਏਸ਼ਨ ਥੈਰੇਪੀ ਤੇ ਕੀਮੋਥੈਰੇਪੀ ਵਰਗੇ ਪ੍ਰਮਾਣਿਤ ਉਪਾਵਾਂ ਨਾਲ ਹੀ ਸੰਭਵ ਹੈ।

ਸਿੱਧੂ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ
ਟਾਟਾ ਮੈਮੋਰੀਅਲ ਹਸਪਤਾਲ ਦੇ ਸਾਬਕਾ ਤੇ ਮੌਜੂਦਾ ਕੁੱਲ 262 ਕੈਂਸਰ ਮਾਹਿਰਾਂ ਦੇ ਹਸਤਾਖਰ ਕੀਤੇ ਬਿਆਨ 'ਚ ਕਿਹਾ ਗਿਆ ਹੈ ਕਿ ਸਿੱਧੂ ਨੇ ਆਪਣੇ ਦਾਅਵੇ ਦੇ ਸਮਰਥਨ ਲਈ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਚੋਂ ਕੁਝ ਉਤਪਾਦਾਂ 'ਤੇ ਖੋਜ ਜ਼ਰੂਰ ਚੱਲ ਰਹੀ ਹੈ ਪਰ ਮੌਜੂਦਾ ਸਮੇਂ ਐਂਟੀ-ਕੈਂਸਰ ਤੱਤ ਦੇ ਰੂਪ 'ਚ ਉਨ੍ਹਾਂ ਦੀ ਵਰਤੋਂ ਦੀ ਸਿਫਾਰਸ਼ ਕਰਨ ਲਈ ਕੋਈ ਕਲੀਨਿਕਲ ਡਾਟਾ ਨਹੀਂ ਹੈ।






Comments