google-site-verification=ILda1dC6H-W6AIvmbNGGfu4HX55pqigU6f5bwsHOTeM
top of page

ਧਮਕੀ ਤੇ ਦਹਿਸ਼ਤ ਦੀ ਰਾਜਨੀਤੀ ’ਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨ ਵਿਰੋਧੀ : ਭਗਵੰਤ ਮਾਨ

  • bhagattanya93
  • Apr 15
  • 2 min read

15/04/2025

ree

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਧਮਕੀ ਅਤੇ ਦਹਿਸ਼ਤ ਦੀ ਰਾਜਨੀਤੀ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨ ਕਿਉਂਕਿ ਲੋਕ ਉਨ੍ਹਾਂ ਦੇ ਫੁੱਟਪਾਊ ਅਤੇ ਸ਼ਰਾਰਤੀ ਰਵੱਈਏ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਐਤਵਾਰ ਨੂੰ ਇੱਕ ਬੇਬੁਨਿਆਦ ਅਤੇ ਤਰਕਹੀਣ ਬਿਆਨ ਦਿੱਤਾ ਸੀ ਕਿ ਸੂਬੇ ਵਿੱਚ 50 ਬੰਬ ਸਮੱਗਲ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 18 ਫਟ ਗਏ ਹਨ ਅਤੇ 32 ਹੋਰ ਅਜੇ ਵੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਸ ਤਰਕਹੀਣ ਬਿਆਨ ਦਾ ਉਦੇਸ਼ ਸਿਰਫ਼ ਲੋਕਾਂ ਨੂੰ ਡਰਾਉਣਾ ਅਤੇ ਉਨ੍ਹਾਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰਨਾ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਅਸਹਿਣਯੋਗ ਅਤੇ ਗੈਰ-ਵਾਜਬ ਹੈ ਕਿਉਂਕਿ ਸੂਬੇ ਦੇ ਲੋਕ ਅਜਿਹੇ ਆਗੂਆਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।


ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਨਾ ਤਾਂ ਸੂਬਾਈ ਅਤੇ ਨਾ ਹੀ ਕੇਂਦਰੀ ਏਜੰਸੀਆਂ ਕੋਲ ਕੋਈ ਜਾਣਕਾਰੀ ਹੈ ਪਰ ਕਾਂਗਰਸੀ ਆਗੂ ਨੇ ਇਹ ਗਲਤ ਅਤੇ ਅਪ੍ਰਸੰਗਿਕ ਬਿਆਨ ਦਿੱਤਾ ਹੈ। ਮਾਨ ਨੇ ਕਿਹਾ ਕਿ ਇਸ ਤਰ੍ਹਾਂ ਦਾ ਉਦਾਸੀਨ ਅਤੇ ਗੈਰ-ਜ਼ਿੰਮੇਵਾਰਾਨਾ ਰਵੱਈਆ ਗੈਰ-ਵਾਜਬ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਬੰਬਾਂ ਦੀ ਸਥਿਤੀ ਦੱਸਣ ਦੀ ਬਜਾਏ ਹੁਣ ਆਪਣੇ ਮਾੜੇ ਕੰਮ ਲਈ ਕਾਨੂੰਨ ਤੋਂ ਬਚਣ ਵਾਸਤੇ ਵਕੀਲਾਂ ਪਿੱਛੇ ਭੱਜ ਰਿਹਾ ਹੈ।

ree

ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਅਜਿਹੇ ਹੰਗਾਮੇ ਕਰਨ ਦੀ ਬਜਾਏ ਮੁੱਦਿਆਂ 'ਤੇ ਆਧਾਰਿਤ ਰਾਜਨੀਤੀ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਉਨ੍ਹਾਂ ਤੋਂ ਈਰਖਾ ਕਰਦੀਆਂ ਹਨ ਕਿਉਂਕਿ ਉਹ ਇੱਕ ਆਮ ਪਰਿਵਾਰ ਤੋਂ ਹਨ ਅਤੇ ਲੋਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਦਾ ਹਮੇਸ਼ਾ ਮੰਨਣਾ ਸੀ ਕਿ ਉਨ੍ਹਾਂ ਨੂੰ ਸੂਬੇ 'ਤੇ ਸ਼ਾਸਨ ਕਰਨ ਦਾ ਇਲਾਹੀ ਅਧਿਕਾਰ ਹੈ, ਜਿਸ ਕਾਰਨ ਉਹ ਇਹ ਹਜ਼ਮ ਨਹੀਂ ਕਰ ਪਾ ਰਹੇ ਕਿ ਇੱਕ ਆਮ ਆਦਮੀ ਸੂਬੇ ਨੂੰ ਕੁਸ਼ਲਤਾ ਨਾਲ ਚਲਾ ਰਿਹਾ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਲੰਬੇ ਸਮੇਂ ਤੋਂ ਲੋਕਾਂ ਨੂੰ ਮੂਰਖ ਬਣਾਇਆ ਹੈ ਪਰ ਹੁਣ ਲੋਕ ਇਨ੍ਹਾਂ ਦੇ ਗੁਮਰਾਹਕੁੰਨ ਪ੍ਰਚਾਰ ਵਿੱਚ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਸੂਬੇ ਦੇ ਸਿਆਣੇ ਲੋਕਾਂ ਨੇ ਸੱਤਾ ਦੌਰਾਨ ਮਹਿਲਾਂ ਦਾ ਸੁੱਖ ਮਾਣਨ ਵਾਲੇ ਇਨ੍ਹਾਂ ਆਗੂਆਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਹੈ। ਮਾਨ ਨੇ ਕਿਹਾ ਕਿ ਸੂਬੇ ਨੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦੇਖੀ ਹੈ ਕਿਉਂਕਿ ਅਜਿੱਤ ਮੰਨੇ ਜਾਣ ਵਾਲੇ ਇਨ੍ਹਾਂ ਆਗੂਆਂ ਨੂੰ ਲੋਕਾਂ ਨੇ ਬਾਹਰ ਦਾ ਰਸਤਾ ਦਿਖਾਇਆ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ 25 ਸਾਲ ਰਾਜ ਕਰਨ ਦਾ ਦਾਅਵਾ ਕਰਦੇ ਸਨ, ਉਨ੍ਹਾਂ ਨੂੰ ਲੋਕਾਂ ਨੇ ਸਿਆਸੀ ਤੌਰ 'ਤੇ ਗੁਮਨਾਮੀ ਵਿੱਚ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਅਜਿਹੇ ਹੰਕਾਰੀ ਆਗੂਆਂ ਨੂੰ ਉਨ੍ਹਾਂ ਦੇ ਮਾੜੇ ਕੰਮਾਂ ਲਈ ਢੁੱਕਵਾਂ ਸਬਕ ਸਿਖਾਇਆ ਹੈ। ਮਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਵੱਡੇ ਮਹਿਲਾਂ ਵਿੱਚ ਰਹਿਣ ਵਾਲੇ ਇਨ੍ਹਾਂ ਲੋਕਾਂ ਨੇ ਕਦੇ ਵੀ ਆਮ ਆਦਮੀ ਦੀ ਭਲਾਈ ਦੀ ਪਰਵਾਹ ਨਹੀਂ ਕੀਤੀ ਅਤੇ ਆਪਣੇ ਆਪ ਨੂੰ ਆਪਣੇ ਘਰਾਂ ਦੀਆਂ ਉੱਚੀਆਂ ਕੰਧਾਂ ਵਿੱਚ ਕੈਦ ਕਰ ਲਿਆ।

Comments


Logo-LudhianaPlusColorChange_edited.png
bottom of page