google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੰਜਾਬ ਦੇ ਤਿੰਨ ਕੈਬਨਿਟ ਮੰਤਰੀ ਖੱਟਰ ਨੂੰ ਮਿਲੇ, ਕੇਂਦਰ ਨਾਲ ਜੁੜੀਆਂ ਬਿਜਲੀ ਤੇ ਸ਼ਹਿਰੀ ਖੇਤਰ ਨਾਲ ਸਬੰਧਤ ਸੂਬੇ ਦੀਆਂ ਮੰਗਾਂ ਰੱਖੀਆਂ

  • bhagattanya93
  • Nov 8, 2024
  • 2 min read

08/11/2024

ree

ਪੰਜਾਬ ਸਰਕਾਰ ਨੇ ਕੇਂਦਰ ਨਾਲ ਜੁੜੀਆਂ ਬਿਜਲੀ ਤੇ ਸ਼ਹਿਰੀ ਖੇਤਰ ਨਾਲ ਸਬੰਧਤ ਸੂਬੇ ਦੀਆਂ ਮੰਗਾਂ ਬਾਰੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ, ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਦੀ ਅਗਵਾਈ ਹੇਠ ਵਫਦ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਕੋਲ ਆਪਣੀਆਂ ਮੰਗਾਂ ਰੱਖੀਆਂ ਜਿਸ ਉਤੇ ਕੇਂਦਰੀ ਮੰਤਰੀ ਨੇ ਪੰਜਾਬ ਦੇ ਪੱਖਾਂ ਉਤੇ ਸਕਰਤਾਮਕ ਰੁਖ ਅਪਣਾਉਣ ਦਾ ਵਿਸ਼ਵਾਸ ਦਿਵਾਇਆ। ਵੀਰਵਾਰ ਨੂੰ ਬਿਜਲੀ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗਾਂ ਦੇ ਕੇਂਦਰ ਸਰਕਾਰ ਨਾਲ ਜੁੜੇ ਮਾਮਲਿਆਂ ਬਾਰੇ ਤਾਲਮੇਲ ਕਮੇਟੀ ਦੀ ਮੀਟਿੰਗ ਸੀ।

ree

ਪੰਜਾਬ ਨੇ ਕੇਂਦਰ ਅੱਗੇ ਮੰਗ ਰੱਖੀ ਕਿ ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀ.ਬੀ.ਐਮ.ਬੀ.) ਵਿਚ ਪੰਜਾਬ ਸੂਬੇ ਤੋਂ ਬਿਜਲੀ ਮੈਂਬਰ ਲਗਾਉਣ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਸਾਲ 2022 ਵਿਚ ਸੋਧ ਕੀਤੇ ਨਿਯਮਾਂ ਨੂੰ ਬਦਲਣ ਦੀ ਮੰਗ ਰੱਖੀ। ਪੰਜਾਬ ਦਾ ਕਹਿਣਾ ਸੀ ਕਿ ਨਵੀਆਂ ਸ਼ਰਤਾਂ ਅਨੁਸਾਰ ਸੂਬੇ ਵਿੱਚੋਂ ਕੋਈ ਵੀ ਯੋਗਤਾ ਵਾਲਾ ਉਮੀਦਵਾਰ ਨਹੀਂ ਮਿਲੇਗਾ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿਚ ਸਥਿਤ ਸ਼ਾਨਨ ਪ੍ਰਾਜੈਕਟ ’ਤੇ ਪੰਜਾਬ ਨੇ ਆਪਣਾ ਪੂਰਾ ਹੱਕ ਜਤਾਉਂਦਿਆਂ ਕਿਹਾ ਕਿ ਪੰਜਾਬ ਪੁਨਰਗਠਨ ਕਾਨੂੰਨ ਤਹਿਤ ਇਸ ਉਪਰ ਪੰਜਾਬ ਦਾ ਹੀ ਹੱਕ ਬਣਦਾ ਹੈ। ਵੱਧ ਬਿਜਲੀ ਦੀ ਲੋੜ ਅਤੇ ਪੰਜਾਬ ਦੀ ਹਾਈਡਲ ਤੇ ਥਰਮਲ ਬਿਜਲੀ ਪ੍ਰਾਜੈਕਟਾਂ ਦੀ ਸੀਮਤ ਸਮਰੱਥਾ ਨੂੰ ਦੇਖਦਿਆਂ ਪੰਜਾਬ ਨੇ ਮੰਗ ਰੱਖੀ ਕਿ ਕੇਂਦਰੀ ਪਲਾਂਟਾਂ ਤੋਂ ਲੰਬੇ ਸਮੇਂ ਲਈ ਪੰਜਾਬ ਨੂੰ ਬਿਜਲੀ ਮੁਹੱਈਆ ਕਰਵਾਈ ਜਾਵੇ।

ree

ਮੀਟਿੰਗ ਦੌਰਾਨ ਪੰਜਾਬ ਨੇ ਸੌਰ ਊਰਜਾ ਨੂੰ ਉਤਸ਼ਾਹਤ ਕਰਨ ਲਈ ਖੇਤੀਬਾੜੀ ਲਈ ਸਬਸਿਡੀ ਵਾਲੇ ਸੋਲਰ ਪੰਪਾਂ ਦੀ ਕਪੈਸਟੀ ਵਧਾਉਣ ਦੀ ਮੰਗ ਰੱਖਦਿਆਂ ਇਸ ਨੂੰ ਘੱਟੋ-ਘੱਟ 15 ਹਾਰਸ ਪਾਵਰ ਕੀਤਾ ਜਾਵੇ। ਪੰਜਾਬ ਦੀਆਂ ਖਾਣਾਂ ਤੋਂ ਸੂਬੇ ਵਿੱਚ ਤਲਵੰਡੀ ਸਾਬੋ, ਨਾਭਾ ਸਥਿਤ ਪ੍ਰਾਈਵੇਟ ਥਰਮਲ ਪਲਾਂਟਾਂ ਲਈ ਕੋਲਾ ਤਬਦੀਲ ਕਰਨ ਦੀ ਇਜਾਜ਼ਤ ਦੀ ਵੀ ਮੰਗ ਰੱਖੀ ਗਈ। ਨਵਿਆਉਣ ਯੋਗ ਊਰਜਾ ਨੂੰ ਉਤਸ਼ਾਹਤ ਕਰਨ ਲਈ ਸੱਤ ਪੈਸਾ ਪ੍ਰਤੀ ਯੂਨਿਟ ਦੇ ਵਪਾਰਕ ਮਾਰਜ਼ਨ ਵਿੱਚ ਕਮੀ ਦੀ ਮੰਗ ਰੱਖੀ ਗਈ। ਪੰਜਾਬ ਨੇ ਆਰ.ਡੀ.ਐਸ.ਐਸ. ਸਕੀਮ ਵਿੱਚ ਦੀ ਸਮਾਂ ਸੀਮਾ ਵਧਾਉਣ ਦੀ ਵੀ ਮੰਗ ਕੀਤੀ ਕਿਉਂਕਿ ਪੰਜਾਬ ਵਿੱਚ ਇਹ ਸਕੀਮ ਦੇਰੀ ਨਾਲ ਸ਼ੁਰੂ ਹੋਈ ਹੈ। ਝੋਨੇ ਦੀ ਪਰਾਲੀ ਤੋਂ ਬਿਜਲੀ ਪੈਦਾ ਕਰਨ ਲਈ ਲਗਾਏ ਜਾਣ ਵਾਲੇ ਪਲਾਟਾਂ ਨੂੰ ਵੀ ਬਾਇਓ ਗੈਸ ਪਲਾਂਟਾਂ ਦੀ ਤਰਜ਼ ਉਤੇ ਸਬਸਿਡੀ ਦੇਣ ਦੀ ਮੰਗ ਕੀਤੀ ਗਈ । ਇਸੇ ਤਰ੍ਹਾਂ ਛੱਤਾਂ ਉਤੇ ਲਗਾਏ ਜਾਣ ਵਾਲੇ ਸੋਲਰ ਪ੍ਰਾਜੈਕਟਾਂ ਦੀ ਸਮਰੱਥਾ ਵਧਾਉਣ ਦੀ ਵੀ ਮੰਗ ਰੱਖੀ ਗਈ।

ree

ਸ਼ਹਿਰੀ ਵਿਕਾਸ ਤੇ ਨਾਲ ਸਬੰਧਤ ਚਰਚਾ ਦੌਰਾਨ ਪੰਜਾਬ ਨੇ ਸੁਲਤਾਨਪੁਰ ਲੋਧੀ ਸਮਾਰਟ ਸਿਟੀ ਪ੍ਰਾਜੈਕਟ ਦਾ ਸਮਾਂ ਸੀਮਾ ਵਧਾਉਣ ਦੀ ਮੰਗ ਕੀਤੀ। ਪੰਜਾਬ ਦਾ ਕਹਿਣਾ ਸੀ ਕਿ ਇਹ ਪ੍ਰਾਜੈਕਟ ਬਾਕੀ ਤਿੰਨ ਸਮਾਰਟ ਸਿਟੀ ਪ੍ਰਾਜੈਕਟਾਂ ਤੋਂ ਬਾਅਦ ਵਿੱਚ ਅਲਾਟ ਹੋਇਆ ਸੀ ਜਿਸ ਕਾਰਨ ਇਸ ਦੀ ਸਮਾਂ ਸੀਮਾ 31 ਮਾਰਚ 2025 ਤੋਂ ਘੱਟੋ-ਘੱਟ ਦੋ ਸਾਲ ਲਈ ਵਧਾਈ ਜਾਵੇ। ਇਸੇ ਤਰ੍ਹਾਂ ਪ੍ਰਦੂਸ਼ਣ ਮੁਕਤ ਵਾਹਨਾਂ ਅਤੇ ਪਬਲਿਕ ਟਰਾਂਸਪੋਰਟ ਸਿਸਟਮ ਨੂੰ ਹੁਲਾਰਾ ਦੇਣ ਲਈ ਚੰਡੀਗੜ੍ਹ ਨਾਲ ਜੁੜਦੇ ਪੰਜਾਬ ਦੇ ਖੇਤਰਾਂ ਜਿਵੇਂ ਕਿ ਮੁਹਾਲੀ-ਜ਼ੀਰਕਪੁਰ ਨੂੰ ਵੀ ਇਕ ਕਲੱਸਟਰ ਬਣਾ ਕੇ ਇਸ ਨੂੰ ਈ-ਬੱਸ ਸੇਵਾ ਪ੍ਰਾਜੈਕਟ ਵਿੱਚ ਸ਼ਾਮਲ ਕੀਤਾ ਜਾਵੇ।


ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਪੰਜਾਬ ਦੀਆਂ ਬਹੁਤਾਤ ਮੰਗਾਂ ਉਤੇ ਸਿਧਾਂਤਕ ਸਹਿਮਤੀ ਦਿੰਦਿਆਂ ਇਨ੍ਹਾਂ ਉਤੇ ਸਕਰਾਤਮਕ ਰਵੱਈਏ ਨਾਲ ਪਹੁੰਚ ਅਪਣਾਉਣ ਦਾ ਵਿਸ਼ਵਾਸ ਦਿਵਾਇਆ।

Comments


Logo-LudhianaPlusColorChange_edited.png
bottom of page