ਪੰਜਾਬ ਕਾਂਗਰਸ ਦੇ ਦੋ ਵੱਡੇ ਆਗੂਆਂ ਬਾਜਵਾ ਤੇ ਸਿੱਧੂ ’ਚ ਖੜਕੀ, ਬਾਜਵਾ ਬੋਲੇ- ਸਿੱਧੂ ਪ੍ਰਧਾਨ ਹੁੰਦਿਆਂ ਪਾਰਟੀ ਨੂੰ 78 ਤੋਂ 18 ਸੀਟਾਂ ’ਤੇ ਲਿਆਏ
- Dec 21, 2023
- 2 min read
21/12/2023
ਪੰਜਾਬ ਕਾਂਗਰਸ ਦੇ ਦੋ ਵੱਡੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਨਵਜੋਤ ਸਿੰਘ ਸਿੱਧੂ ਆਪਸ ’ਚ ਉਲਝ ਗਏ ਹਨ। ਬਾਜਵਾ ਨੇ ਕਿਹਾ ਸੀ ਕਿ ਸਿੱਧੂ ਜਦੋਂ ਕਾਂਗਰਸ ਦੇ ਪ੍ਰਧਾਨ ਬਣੇ ਸਨ ਤਾਂ ਉਹ ਪਾਰਟੀ ਨੂੰ 78 ਤੋਂ 18 ਸੀਟਾਂ ’ਤੇ ਲੈ ਆਏ। ਉਹ ਆਪਣਾ ਅਲੱਗ ਅਖਾੜਾ ਨਾ ਬਣਾਉਣ। ਇਸ ’ਤੇ ਸਿੱਧੂ ਨੇ ਆਪਣੇ ਐਕਸ ਅਕਾਊਂਟ ’ਤੇ ਜਵਾਬੀ ਹਮਲਾ ਕੀਤਾ। ਸਿੱਧੂ ਨੇ ਕਿਹਾ, ‘ਤੁਸੀਂ ਆਈਐੱਨਡੀਆਈਏ ਦੀ ਸਿਆਸਤ ਨੂੰ ਖ਼ਾਰਜ ਕਰਦਿਆਂ ਕਹਿੰਦੇ ਹੋ ਕਿ ਇਸ ਗੱਠਜੋੜ ਦੇ ਸਿਆਸੀ ਫ਼ੈਸਲੇ ਨੂੰ ਲਾਗੂ ਨਹੀਂ ਕਰੋਗੇ ਤਾਂ ਇਹ ਕੋਈ ਵੱਖਰਾ ਅਖਾੜਾ ਨਹੀਂ ਹੈ।’ ਸਿੱਧੂ ਨੇ ਕਿਹਾ, ‘ਮੈਂ ਹਾਈਕਮਾਨ ਨਾਲ ਖੜ੍ਹਾ ਹੋ ਕੇ ਪੰਜਾਬ ਲਈ ਲੜਾਂਗਾ ਤਾਂ ਇਹ ਅਲੱਗ ਅਖਾੜਾ ਕਿਵੇਂ ਬਣ ਗਿਆ? ਕਾਂਗਰਸ ਦੇ 78 ’ਚੋਂ 18 ਵਿਧਾਇਕਾਂ ਦੀ ਜ਼ਿੰਮੇਵਾਰੀ ਤੁਹਾਡੇ ’ਤੇ ਹੈ ਨਾ ਕਿ ਸਿੱਧੂੁ ’ਤੇ। ਸਿੱਧੂ ਦੀ ਲੁੱਟ ਖ਼ਤਮ ਕਰਨ ਦਾ ਪੰਜਾਬ ਏਜੰਡਾ ਖ਼ਾਰਜ ਕਰ ਕੇ ਤੁਸੀਂ ਦਲਿਤ ਕਾਰਡ ਖੇਡਿਆ ਸੀ।’
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਬਠਿੰਡਾ ਦੇ ਪਿੰਡ ਮਹਿਰਾਜ ’ਚ ਹੋਈ ਰੈਲੀ ਦੌਰਾਨ ਸਿੱਧੂ ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ’ਤੇ ਨਿਸ਼ਾਨਾ ਵਿੰਨਿ੍ਹਆ ਸੀ। ਇਸ ’ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਟਿੱਪਣੀ ਕੀਤੀ। ਬਾਜਵਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਦੋਂ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਹ ਪਾਰਟੀ ਨੂੰ 78 ’ਚੋਂ 18 ਸੀਟਾਂ ’ਤੇ ਲੈ ਆਏ। ਉਹ ਆਪਣਾ ਅਲੱਗ ਅਖਾੜਾ ਨਾ ਬਣਾਉਣ। ਪਾਰਟੀ ਦੀਆਂ ਰੈਲੀਆਂ ’ਚ ਸ਼ਿਰਕਤ ਕਰਨ। ਉੱਧਰ, ਕੁਝ ਸਾਬਕਾ ਕਾਂਗਰਸੀ ਵਿਧਾਇਕਾਂ ਤੇ ਆਗੂਆਂ ਨੇ ਵੀ ਬਾਜਵਾ ਤੋਂ ਇੰਟਰਨੈੱਟ ਮੀਡੀਆ ’ਤੇ ਸਵਾਲ ਕੀਤਾ ਹੈ। ਇਨ੍ਹਾਂ ’ਚ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਰਾਜਿੰਦਰ ਸਿੰਘ ਸਮਾਣਾ, ਮਹੇਸ਼ਇੰਦਰ ਸਿੰਘ, ਰਮਿੰਦਰ ਆਵਲਾ, ਜਗਦੇਵ ਸਿੰਘ ਕਮਾਲੂ, ਵਿਜੇ ਕਾਲੜਾ ਸਮੇਤ ਹਰਵਿੰਦਰ ਸਿੰਘ ਲਾਡੀ, ਰਾਜਬੀਰ ਸਿੰਘ ਰਾਜਾ, ਇੰਦਰਜੀਤ ਸਿੰਘ ਢਿੱਲੋਂ ਆਦਿ ਸ਼ਾਮਲ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਅਸੀਂ ਕਾਂਗਰਸੀ ਅਹੁਦੇਦਾਰ ਤੇ ਵਰਕਰ ਪੁੱਛਣਾ ਚਾਹੁੰਦੇ ਹਾਂ ਕਿ ਪੰਜਾਬ ਕਾਂਗਰਸ ਦੇ ਪ੍ਰੋਗਰਾਮਾਂ ’ਚ ਨਾ ਤਾਂ ਸਾਨੂੰ ਤੇ ਨਾ ਹੀ ਸਿੱਧੂ ਨੂੰ ਸੱਦਾ ਦਿੱਤਾ ਜਾਂਦਾ ਹੈ। ਜੇ ਅਸੀਂ ਕਾਂਗਰਸ ਦੀ ਬਿਹਤਰੀ ਲਈ ਪਾਰਟੀ ਵਰਕਰਾਂ ਦੇ ਸੱਦੇ ’ਤੇ ਰੈਲੀ ਕੀਤੀ ਤਾਂ ਅੱਠ ਹਜ਼ਾਰ ਤੋਂ ਜ਼ਿਆਦਾ ਦੀ ਭੀੜ ਇਕੱਠੀ ਹੋਈ ਤਾਂ ਸਾਨੂੰ ਉਤਸ਼ਾਹਤ ਕਰਨ ਦੀ ਬਜਾਏ ਸਾਨੂੰ ਮਾੜਾ ਕਿਉਂ ਕਿਹਾ ਜਾ ਰਿਹਾ ਹੈ? ਅਸੀਂ ਅਹੁਦੇਦਾਰ ਤੇ ਵਰਕਰ ਕਾਂਗਰਸ ਪਾਰਟੀ ਦੀ ਭਲਾਈ ਲਈ ਦਿਨ-ਰਾਤ ਲੱਗੇ ਹੋਏ ਹਾਂ ਪਰ ਸਿੱਧੂ ਨਾਲ ਨਜ਼ਦੀਕੀ ਕਾਰਨ ਪਾਰਟੀ ’ਚ ਸਾਡੇ ਨਾਲ ਭੇਦਭਾਵ ਕਿਉਂ ਕੀਤਾ ਜਾ ਰਿਹਾ ਹੈ।’ ਇਨ੍ਹਾਂ ਆਗੂਆਂ ਨੇ ਕਿਹਾ ਕਿ ਕਾਂਗਰਸ ਉਨ੍ਹਾਂ ਦੀ ਮਾਂ ਪਾਰਟੀਹੈ ਤੇ ਉਹ ਇਸ ਨੂੰ ਤੁਹਾਡੇ ਵਰਗਾ ਹੀ ਪਿਆਰ ਤੇ ਸਨਮਾਨ ਦਿੰਦੇ ਹਨ। ਪਿਛਲੇ ਇਕ ਮਹੀਨੇ ਤੋਂ ਵਿਰੋਧੀ ਧਿਰ ਦੇ ਨੇਤਾ ਤੌਰ ’ਤੇ ਬਾਜਵਾ ਨੇ ਕੋਈ ਵੱਡਾ ਪ੍ਰੋਗਰਾਮ ਨਹੀਂ ਕੀਤਾ ਜਦਕਿ ਉਨ੍ਹਾਂ ਨੇ ਖੁੱਲ੍ਹੀ ਰੈਲੀ ਕਰ ਕੇ ਸਰਕਾਰ ਤੋਂ ਪਰੇਸ਼ਾਨ ਲੋਕਾਂ ਦੇ ਸਵਾਲਾਂ ਨੂੰ ਉਸ ਦੇ ਸਾਹਮਣੇ ਰੱਖਿਆ। ਅਸਲ ’ਚ ਦੁੱਖ ਦੀ ਗੱਲ ਇਹ ਹੈ ਕਿ ਵਰਕਰਾਂ ਨੂੰ ਸਨਮਾਨ ਤੇ ਨੁਮਾਇੰਦਗੀ ਨਹੀਂ ਮਿਲ ਰਹੀ।






Comments